ਵਾਸ਼ਿੰਗਟਨ, 20 ਅਗਸਤ

ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਫਰਵਰੀ 2020 ਵਿੱਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਕਰਨ ਮਗਰੋਂ ਬੜੀ ਚੜ੍ਹਦੀ ਕਲਾ ਨਾਲ ਇਹ ਦਾਅਵਾ ਕੀਤਾ ਸੀ ਕਿ ‘ਅਸੀਂ ਅਖੀਰ ਨੂੰ ਕਾਮਯਾਬ ਹੋਵਾਂਗੇ।’ ਤਤਕਾਲੀਨ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਉਦੋਂ ਜ਼ੋਰ ਦੇ ਕੇ ਆਖਿਆ ਸੀ ਕਿ ਅਮਰੀਕੀ ਪ੍ਰਸ਼ਾਸਨ ਨੇ ਅਗਲੀ ਪੀੜ੍ਹੀਆਂ ਲਈ ਅਮਨ ਦੀ ਸਥਾਪਨਾ ਲਈ ਸਭ ਤੋਂ ਬਿਹਤਰ ਮੌਕਾ ਲੱਭਿਆ ਹੈ। ਹੁਣ ਡੇਢ ਸਾਲ ਮਗਰੋਂ ਅਮਰੀਕੀ ਸਦਰ ਜੋਅ ਬਾਇਡਨ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਜਾਰੀ ਮੌਜੂਦ ਸੰਕਟ ਲਈ ਦੋਹਾ (ਕਤਰ) ਵਿੱਚ ਹੋਏ ਉਸੇ ਕਰਾਰ ਵੱਲ ਉਂਗਲ ਕੀਤੀ ਜਾ ਰਹੀ ਹੈ।

ਬਾਇਡਨ ਨੇ ਕਿਹਾ ਕਿ ਇਸ ਕਰਾਰ ਨੇ ਉਨ੍ਹਾਂ ਦੇ ਹੱਥ ਬੰਨ ਛੱਡੇ ਹਨ, ਤੇ ਅਮਰੀਕੀ ਫੌਜਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢਣ ਲਈ ਮਜਬੂਰ ਹੋਣਾ ਪਿਆ ਹੈ। ਪਰ ਵੇਖਿਆ ਜਾਵੇ ਤਾਂ ਇਸ ਕਰਾਰ ਵਿੱਚ ਇਕ ਕਲਾਜ਼ (ਮੱਦ) ਅਜਿਹੀ ਵੀ ਹੈ, ਜੋ ਬਾਇਡਨ ਦੇ ਬੰਨੇ ਹੱਥਾਂ ਨੂੰ ਖੋਲ੍ਹ ਸਕਦੀ ਸੀ। ਉਹ ਮੱਦ ਸੀ ਕਿ ਜੇਕਰ ਅਫ਼ਗ਼ਾਨ ਸ਼ਾਂਤੀ ਵਾਰਤਾ ਅਸਫ਼ਲ ਰਹਿੰਦੀ ਹੈ ਤਾਂ ਅਮਰੀਕਾ ਨੂੰ ਇਸ ਕਰਾਰ ਤੋਂ ਪਿੱਛੇ ਪੈਰੀਂ ਹੋਣ ਦੀ ਪੂਰੀ ਖੁੱਲ੍ਹ ਹੈ। ਅਫ਼ਗਾਨ ਵਾਰਤਾ ਨਾਕਾਮ ਰਹੀ, ਪਰ ਬਾਇਡਨ ਕਰਾਰ ਤੋਂ ਲਾਂਭੇ ਨਹੀਂ ਹੋਏ, ਪਰ ਉਨ੍ਹਾਂ ਨੇ ਅਮਰੀਕੀ ਫੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦੇ ਅਮਲ ਨੂੰ ਮਈ ਤੋਂ ਸਤੰਬਰ ਤੱਕ ਟਾਲ ਦਿੱਤਾ।

ਟਰੰਪ ਪ੍ਰਸ਼ਾਸਨ ਦੇ ਆਖਰੀ ਦਿਨਾਂ ਵਿੱਚ ਕਾਰਜਕਾਰੀ ਰੱਖਿਆ ਮੰਤਰੀ ਰਹੇ ਕ੍ਰਿਸ ਮਿਲਰ ਨੇ ਇਕ ਇੰਟਰਵਿਊ ਦੌਰਾਨ ਉਪਰੋਕਤ ਕਰਾਰ ਕਰਕੇ ਬਾਇਡਨ ਦੇ ਹੱਥ ਬੱਝੇ ਹੋਣ ਦੇ ਵਿਚਾਰ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਜੇਕਰ ਉਨ੍ਹਾਂ (ਬਾਇਡਨ) ਨੂੰ ਲੱਗਦਾ ਸੀ ਕਿ ਇਹ ਕਰਾਰ ਸਹੀ ਨਹੀਂ ਸੀ ਤਾਂ ਉਹ ਮੁੜ ਗੱਲਬਾਤ ਕਰ ਸਕਦੇ ਸਨ। ਜੇਕਰ ਉਹ ਚਾਹੁੰਦੇ ਤਾਂ ਉਨ੍ਹਾਂ ਕੋਲ ਬਹੁਤ ਸਾਰੇ ਮੌਕੇ ਸਨ।’ ਮਿਲਰ ਨੇ ਕਿਹਾ ਕਿ ਮੁੜ ਗੱਲਬਾਤ ਕਰਨੀ ਥੋੜ੍ਹੀ ਮੁਸ਼ਕਲ ਹੋ ਸਕਦੀ ਸੀ, ਪਰ ਬਾਇਡਨ ਵੀ ਟਰੰਪ ਵਾਂਗ ਅਮਰੀਕੀ ਫੌਜਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣਾ ਚਾਹੁੰਦੇ ਸੀ। ਜੇਕਰ ਉਹ ਸਮਝੌਤੇ ਤੋਂ ਬਾਹਰ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਹਜ਼ਾਰਾਂ ਹੋਰ ਅਮਰੀਕੀਆਂ ਨੂੰ ਅਫ਼ਗ਼ਾਨਿਸਤਾਨ ਭੇਜਣਾ ਪੈਂਦਾ।

ਚੇਤੇ ਰਹੇ ਕਿ ਅਮਰੀਕੀ ਸਦਰ ਡੋਨਲਡ ਟਰੰਪ ਨੇ ਲੰਘੇ ਦਿਨੀਂ ਵ੍ਹਾਈਟ ਹਾਊਸ ਤੋਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਅਮਰੀਕੀ ਫੌਜਾਂ ਦੀ ਅਫ਼ਗਾਨਿਸਤਾਨ ’ਚੋਂ ਹਿਜਰਤ ਦੇ ਫੈਸਲੇ ਨੂੰ ਸਹੀ ਦੱਸਦਿਆਂ ਕਿਹਾ ਸੀ ਕਿ ਉਹ ਆਪਣੇ ਇਸ ਫੈਸਲੇ ’ਤੇ ਕਾਇਮ ਹਨ। ਉਨ੍ਹਾਂ ਕਿਹਾ ਸੀ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੰਕਟ ਲਈ ਅਫ਼ਗ਼ਾਨ ਲੀਡਰਸ਼ਿਪ ਜ਼ਿੰਮੇਵਾਰ ਹੈ, ਜੋ ਬਿਨਾਂ ਲੜੇ ਹੀ ਮੈਦਾਨ ਛੱਡ ਗਈ ਹੈ।