ਵਾਸ਼ਿੰਗਟਨ: ਅਮਰੀਕਾ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ, ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਕਈ ਫੈਸਲਿਆਂ ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਸ਼ਟਰਪਤੀ ਬਣਦੇ ਹੀ, ਡੋਨਲਡ ਟਰੰਪ ਨੇ ਇੱਕ ਤੋਂ ਬਾਅਦ ਇੱਕ ਕਈ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ। ਇਸ ਵਿੱਚ ਸਜ਼ਾ ਵਿੱਚ ਛੋਟ, WHO ਨਾਲ ਸਬੰਧ ਖਤਮ ਕਰਨਾ ਅਤੇ ਸਰਹੱਦ ਨੂੰ ਸੀਲ ਕਰਨਾ ਵੀ ਸ਼ਾਮਲ ਹੈ।
2021 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਹਾਰ ਤੋਂ ਬਾਅਦ, ਉਨ੍ਹਾਂ ਦੇ ਸਮਰਥਕ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਦੇ ਸਮਰਥਕਾਂ ਨੇ ਕੈਪੀਟਲ ਹਿੱਲ ਇਲਾਕੇ ਵਿੱਚ ਭਾਰੀ ਹਿੰਸਾ ਕੀਤੀ ਸੀ। ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦੋਸ਼ ਲਗਾਇਆ ਸੀ ਕਿ ਚੋਣਾਂ ਵਿੱਚ ਗੜਬੜੀ ਹੋਈ ਹੈ।
1500 ਲੋਕਾਂ ਨੂੰ ਕੀਤਾ ਮੁਆਫ
ਇਸ ਹਿੰਸਾ ਲਈ ਲਗਭਗ 1,500 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਈਆਂ ਨੂੰ ਲੰਬੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ। ਰਾਸ਼ਟਰਪਤੀ ਬਣਦੇ ਹੀ ਡੋਨਲਡ ਟਰੰਪ ਨੇ ਇਨ੍ਹਾਂ ਲੋਕਾਂ ਨੂੰ ਮੁਆਫ਼ ਕਰਨ ਦੇ ਹੁਕਮਾਂ ‘ਤੇ ਦਸਤਖ਼ਤ ਕਰ ਦਿੱਤੇ।
ਮੈਕਸੀਕੋ ਸਰਹੱਦ ‘ਤੇ ਬਣਾਈ ਜਾਵੇਗੀ ਕੰਧ
ਜਦੋਂ ਟਰੰਪ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ, ਤਾਂ ਉਨ੍ਹਾਂ ਨੇ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦਾ ਹੁਕਮ ਦਿੱਤਾ ਅਤੇ ਇਸ ਦੇ ਕੁਝ ਹਿੱਸੇ ਦੀ ਉਸਾਰੀ ਵੀ ਕੀਤੀ ਗਈ। ਉਨ੍ਹਾਂ ਦੇ ਇਸ ਫੈਸਲੇ ਦੀ ਬਹੁਤ ਆਲੋਚਨਾ ਵੀ ਹੋਈ। ਹੁਣ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ, ਟਰੰਪ ਨੇ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ‘ਤੇ ਰਾਸ਼ਟਰੀ ਐਮਰਜੈਂਸੀ ਲਗਾ ਦਿੱਤੀ ਹੈ। ਹੁਣ ਇੱਥੇ ਫੌਜ ਅਤੇ ਨੈਸ਼ਨਲ ਗਾਰਡਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ‘ਦੱਖਣੀ ਸਰਹੱਦ ‘ਤੇ ਵਾਧੂ ਰੁਕਾਵਟਾਂ’ ਬਣਾਉਣ ਦੀਆਂ ਕੋਸ਼ਿਸ਼ਾਂ ਮੁੜ ਸ਼ੁਰੂ ਕਰਨ ਦੇ ਹੁਕਮ ਵੀ ਦਿੱਤੇ ਹਨ।
WHO ਨਾਲ ਸਬੰਧ ਖਤਮ
ਸੱਤਾ ਵਿੱਚ ਵਾਪਸੀ ਕਰਦੇ ਹੋਏ, ਟਰੰਪ ਨੇ WHO ਤੋਂ ਅਮਰੀਕਾ ਨੂੰ ਬਾਹਰ ਕਰਨ ਦੇ ਫੈਸਲੇ ‘ਤੇ ਦਸਤਖਤ ਕਰ ਦਿੱਤੇ ਹਨ। ਦਸਤਖ਼ਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ, ‘ਓਹ, ਇਹ ਇੱਕ ਵੱਡਾ ਫੈਸਲਾ ਹੈ’। ਦਰਅਸਲ, ਕੋਰੋਨਾ ਮਹਾਂਮਾਰੀ ਦੇ ਸਮੇਂ ਤੋਂ ਹੀ, ਟਰੰਪ WHO ਦੁਆਰਾ ਚੁੱਕੇ ਗਏ ਕਦਮਾਂ ਅਤੇ ਉਪਾਵਾਂ ਦੀ ਆਲੋਚਨਾ ਕਰਦੇ ਆ ਰਹੇ ਹਨ। ਉਸ ਸਮੇਂ ਵੀ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ਦੀਆਂ ਤਿਆਰੀਆਂ ਕੀਤੀਆਂ ਸਨ, ਪਰ ਚੋਣਾਂ ਵਿੱਚ ਆਪਣੀ ਹਾਰ ਕਾਰਨ ਇਹ ਫੈਸਲਾ ਜਿਉਂ ਦਾ ਤਿਉਂ ਰਿਹਾ ਅਤੇ ਹੁਣ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਇਸਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
TikTok
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ‘ਟਿਕਟੌਕ’ ਦੇ ਚਲਾਉਣ ਨੂੰ 75 ਦਿਨ ਤੱਕ ਵਧਾਉਣ ਸਬੰਧੀ ਇੱਕ ਸ਼ਾਸਕੀ ਹੁਕਮ ’ਤੇ ਸੋਮਵਾਰ ਨੂੰ ਦਸਤਖਤ ਕੀਤੇ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ TikTok ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ।
ਅਮਰੀਕਾ ਵਿੱਚ ਸਿਰਫ਼ ਦੋ ਲਿੰਗ
ਰਾਸ਼ਟਰਪਤੀ ਟਰੰਪ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ ਅਮਰੀਕਾ ਵਿੱਚ ਸਿਰਫ਼ ਦੋ ਲਿੰਗਾਂ ਨੂੰ ਮਾਨਤਾ ਦਿੱਤੀ ਜਾਵੇਗੀ: ਮਰਦ ਅਤੇ ਔਰਤਾਂ। ਇਸ ਹੁਕਮ ਦਾ ਪਾਸਪੋਰਟ ਅਤੇ ਵੀਜ਼ਾ ਵਰਗੇ ਸਰਕਾਰੀ ਦਸਤਾਵੇਜ਼ਾਂ ‘ਤੇ ਬਹੁਤ ਵੱਡਾ ਪ੍ਰਭਾਵ ਪਵੇਗਾ।
ਵਰਕ ਫਰੋਮ ਹੋਮ
ਟਰੰਪ ਨੇ ਸੰਘੀ ਸਰਕਾਰੀ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਨੀਤੀ ਨੂੰ ਖਤਮ ਕਰ ਦਿੱਤਾ ਹੈ।