ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਿਕ ਦੇ ਚਿਕੋਤਿਮੀ-ਲੀ ਫੋਰਡ ਹਲਕੇ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ‘ਚ ਇਕ ਐਲੂਮੀਨੀਅਮ ਪ੍ਰੋਜੈਕਟ ਲਈ ਫੈਡਰਲ ਫੰਡ ਵਜੋਂ 60 ਮਿਲੀਅਨ ਡਾਲਰ ਖਰਚਣ ਦਾ ਵਾਅਦਾ ਟਰੂਡੋ ਵਲੋਂ ਕੀਤਾ ਗਿਆ ਸੀ। ਨਵੇਂ ਮੈਂਬਰ ਆਫ ਪਾਰਲੀਆਮੈਂਟ ਦੀ ਚੋਣ ਕਰਨ ਲਈ ਇਸ ਹਲਕੇ ਦੇ ਲੋਕ 18 ਜੂਨ ਨੂੰ ਵੋਟਾਂ ਪਾਉਣਗੇ। ਇਹ ਸੀਟ ਲਿਬਰਲ ਐਮ.ਪੀ. ਡੈਨਿਸ ਲੈਮਿਕਸ ਵੱਲੋਂ ਪਿਛਲੇ ਸਾਲ ਪਰਿਵਾਰਕ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।
ਫੈਡਰਲ ਪਾਰਟੀਆਂ ਇਸ ਜ਼ਿਮਨੀ ਚੋਣ ਦੀ ਚਿਰਾਂ ਤੋਂ ਉਡੀਕ ਕਰ ਰਹੀਆਂ ਹਨ। ਇੱਥੇ ਕਈ ਵਾਰੀ ਸੱਤਾ ਵੱਖ ਵੱਖ ਪਾਰਟੀਆਂ ਕੋਲ ਰਹਿ ਚੁੱਕੀ ਹੈ। ਪਿਛਲੀ ਵਾਰੀ ਵੀ ਲੈਮਿਕਸ ਨੇ ਬਹੁਤ ਘੱਟ ਫਰਕ ਨਾਲ ਐਨਡੀਪੀ ਐਮਪੀ ਡੈਨੀ ਮੌਰਿਨ ਨੂੰ 600 ਵੋਟਾਂ ਨਾਲ ਹਰਾਇਆ ਸੀ। ਪਰ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਦੀ ਇਸ ਲਈ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਜ਼ਿਮਨੀ ਚੋਣਾਂ ਦਾ ਐਲਾਨ ਕਰਨ ਤੋਂ ਕੁੱਝ ਦਿਨ ਪਹਿਲਾਂ ਹੀ ਇਸ ਇਲਾਕੇ ਲਈ ਫੰਡਾਂ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰਾਂ ਨੇ ਕਿਹਾ ਕਿ ਇਹ ਸਿਆਸੀ ਦਾਅ ਤੋਂ ਇਲਾਵਾ ਹੋਰ ਕੁਝ ਨਹੀਂ ਹੈ। 
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਊਬਿਕ ਜਿਮਨੀ ਚੋਣ ਐਲਾਨ ਐਤਵਾਰ ਨੂੰ ਕੀਤਾ ਤੇ ਇਸ ਤੋਂ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ ਪ੍ਰੀਮੀਅਰ ਫਿਲਿਪ ਕੁਇਲਾਰਡ ਨਾਲ ਐਤਵਾਰ ਨੂੰ ਇਲਾਕੇ ‘ਚ ਦੌਰਾਨ ਕੀਤਾ ਸੀ ਤੇ ਇਲਾਕੇ ‘ਚ ਐਲੂਮੀਨੀਅਮ ਪ੍ਰੋਜੈਕਟ ਲਈ 558 ਮਿਲੀਅਨ ਡਾਲਰ ਖਰਚਣ ਦੀ ਪੇਸ਼ਕਸ਼ ਕੀਤੀ ਸੀ। ਇਹ ਪ੍ਰੋਜੈਕਟ ਵੱਡੀਆਂ ਐਲੂਮੀਨੀਅਮ ਕੰਪਨੀਆਂ ਅਲਕੋਆ ਤੇ ਰੀਓ ਟਿੰਟੋ ਵਲੋਂ ਬਣਾਇਆ ਜਾਣ ਵਾਲਾ ਦੁਨੀਆ ਦਾ ਪਹਿਲਾ ਕਾਰਬਨ ਫਰੀ ਸਮੈਲਟਰ ਹੈ। ਹਾਲ ਦੇ ਹਫਤਿਆਂ ਕਈ ਲਿਬਰਲ ਮੰਤਰੀ ਤੇ ਸੰਸਦ ਮੈਂਬਰ ਕਿਊਬਿਕ ਦਾ ਦੌਰਾ ਕਰ ਰਹੇ ਹਨ ਤਾਂ ਜੋ ਸਥਾਨਕ ਕਾਰੋਬਾਰਾਂ ਲਈ ਵਿਆਜ ਮੁਕਤ ਕਰਜ਼ਿਆਂ ਦੀ ਵੰਡ ਕੀਤੀ ਜਾ ਸਕੇ।