ਮੋਗਾ, 8 ਅਕਤੂਬਰ
ਇਥੇ ਥਾਣਾ ਸਦਰ ਨੇ ਟਕਸਾਲੀ ਕਾਂਗਰਸੀ ਸਰਪੰਚ ਖ਼ਿਲਾਫ਼ ਆਪਣੇ ਖੇਤ ਵਿੱਚੋਂ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਰਪੰਚ ਦਾ ਪਿਤਾ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ। ਇਹ ਪਰਚਾ ਦਰਜ ਹੋਣ ਦੀ ਜਾਣਕਾਰੀ ਵੀ ਮੀਡੀਆ ਤੱਕ ਸਰਪੰਚ ਵਿਰੋਧੀ ਹਾਕਮ ਧਿਰ ਦੇ ਵਰਕਰਾਂ ਨੇ ਪੁੱਜਦੀ ਕੀਤੀ। ਥਾਣਾ ਸਦਰ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ਉੱਤੇ ਗੁਰਵਿੰਦਰ ਸਿੰਘ ਸਰਪੰਚ ਪਿੰਡ ਸੋਸਣ, ਬਲਕਾਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵੇਂ ਪਿੰਡ ਡਰੋਲੀ ਭਾਈ ਖ਼ਿਲਾਫ਼ ਕੇਸ ਦਰਜ ਕਰਕੇ ਸਰਪੰਚ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੋ ਟਰੈਕਟਰ ਟਰਾਲੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ ਹਨ। ਦੂਜੇ ਪਾਸੇ ਸਰਪੰਚ ਗੁਰਵਿੰਦਰ ਸਿੰਘ ਨੇ ਇਸ ਨੂੰ ਨਿਰੋਲ ਸਿਆਸੀ ਕਿੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੱਡਾ ਕਰੀਬ 5 ਸਾਲ ਤੋਂ ਬੰਦ ਹੈ। ਪਿੰਡ ਵਿੱਚ ਵਿਕਾਸ ਕੰਮਾਂ ਲਈ ਮਿੱਟੀ ਲੈਣ ਗਏ ਲੋਕਾਂ ਦਾ ਮੌਕੇ ਉੱਤੇ ਪੁੱਜ ਕੇ ਉਨ੍ਹਾਂ ਸਗੋਂ ਵਿਰੋਧ ਕੀਤਾ ਪਰ ਪੁਲੀਸ ਨੇ ਕਥਿਤ ਸਿਆਸੀ ਦਬਾਅ ਹੇਠ ਉਸਨੂੰ ਹੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾ ਟਕਸਾਲੀ ਕਾਂਗਰਸੀ ਪਰਿਵਾਰ ਹੈ ਉਸ ਦਾ ਪਿਤਾ ਹਰਭਜਨ ਸਿੰਘ ਮੌਜੂਦਾ ਜ਼ਿਲ੍ਹਾ ਪਰਿਸ਼ਦ ਮੈਂਬਰ ਹੈ।