ਹਰਦੇਵ ਚੌਹਾਨ
ਸਾਹਮਣੇ ਘਰ ਵਿੱਚ ਰਹਿੰਦੀ ਝੱਲੀ ਬੂਟੇ ਨਾਲੋਂ ਸਾਲ ਕੁ ਛੋਟੀ ਸੀ। ਉਨ੍ਹਾਂ ਦਾ ਵੱਡਾ ਭਰਾ ਰਾਣਾ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਝੱਲੀ ਸਾਰਾ ਦਿਨ ਖੇਡਦੀ ਰਹਿੰਦੀ। ਖੇਡਦਿਆਂ, ਖੇਡਦਿਆਂ ਉਹ ਖਾਣਾ-ਪੀਣਾ ਵੀ ਭੁੱਲ ਜਾਂਦੀ। ਤਾਂ ਹੀ, ਘਰ ਦੇ ਸਾਰੇ ਜੀਅ ਉਸ ਨੂੰ ਝੱਲੀ ਕਹਿ ਕੇ ਬੁਲਾਉਂਦੇ।
ਪੰਜ ਸਾਲਾਂ ਦਾ ਹੋ ਜਾਣ ’ਤੇ ਬੂਟਾ ਸਕੂਲ ਜਾਣ ਲੱਗ ਪਿਆ। ਸਕੂਲ ਜਾਣ ਲੱਗਾ ਉਹ ਆਪਣੇ ਗਲ਼ ਵਿੱਚ ਲਾਲ ਰੰਗ ਦਾ ਬਸਤਾ ਪਾ ਲੈਂਦਾ। ਨੀਲੀ ਨਿੱਕਰ, ਚਿੱਟੀ ਬੁਸ਼ਰਟ, ਨੀਲੀ ਟਾਈ ਤੇ ਬੂਟ, ਜੁਰਾਬਾਂ ਪਾ ਕੇ ਸਕੂਲ ਜਾਂਦੇ ਹੋਏ ਬੂਟੇ ਨੂੰ ਵੇਖ ਝੱਲੀ ਬੜੀ ਖੁਸ਼ ਹੁੰਦੀ। ਸ਼ਾਮ ਵੇਲੇ ਬੂਟਾ ਤੇ ਰਾਣਾ ਮਿਲ ਕੇ ਹੋਮ-ਵਰਕ ਕਰਦੇ। ਉਨ੍ਹਾਂ ਨੂੰ ਲਿਖਦਿਆਂ-ਪੜ੍ਹਦਿਆਂ ਵੇਖ ਝੱਲੀ ਵੀ ਉਨ੍ਹਾਂ ਦੇ ਲਾਗੇ ਆਣ ਬੈਠਦੀ। ਕਦੀ ਉਹ ਰਾਣੇ ਦਾ ਪੈੱਨ ਚੁੱਕ ਕੇ ਲੈ ਜਾਂਦੀ ਤੇ ਕਦੇ ਬੂਟੇ ਦੇ ਰੰਗ…।
ਸਵੇਰੇ ਸਕੂਲ ਜਾਣ ਵੇਲੇ ਘਰ ਵਿੱਚ ਚੀਕ-ਚਿਹਾੜਾ ਪੈ ਜਾਂਦਾ। ਕਦੀ ਰਾਣੇ ਨੂੰ ਪੰਜਾਬੀ ਦੀ ਕਿਤਾਬ ਨਾ ਲੱਭਦੀ ਤੇ ਕਦੀ ਬੂਟੇ ਨੂੰ ਸਕੈੱਚ ਪੈੱਨ ਨਾ ਲੱਭਦੇ। ਝੱਲੀ ਨੂੰ ਜਗਾ ਕੇ ਪੁੱਛਿਆ ਜਾਂਦਾ। ਉਹ ਰਵਾਂ-ਰਵੀਂ ਅਲਮਾਰੀ ਦੇ ਹੇਠੋਂ ਕਿਤਾਬਾਂ ਤੇ ਸਕੈੱਚ ਪੈੱਨ ਕੱਢ ਲਿਆਉਂਦੀ। ਚਿੱਟੇ ਮੇਜ਼ਪੋਸ਼ ਅਤੇ ਚਾਦਰਾਂ ’ਤੇ ਝਰੀਟੀਆਂ ਹੋਈਆਂ ਰੰਗੀਨ ਲਕੀਰਾਂ ਵੇਖ ਕੇ ਝੱਲੀ ਦੀ ਮਾਂ ਵੀ ਪਰੇਸ਼ਾਨ ਹੋ ਜਾਂਦੀ। ਗੱਲ ਕੀ, ਝੱਲੀ ਕਾਰਨ ਰੋਜ਼ ਹੀ ਘਰ ਵਿੱਚ ਕੋਈ ਨਾ ਕੋਈ ਬਿਪਤਾ ਪਈ ਰਹਿੰਦੀ।
ਸ਼ਾਮਾਂ ਵੇਲੇ ਧੁਰ ਕੋਠੇ ’ਤੇ ਸਕੂਲ ਦਾ ਕੰਮ ਕਰਦੇ ਰਾਣੇ ਤੇ ਬੂਟੇ ਕੋਲ ਬੈਠੀ ਝੱਲੀ ਉਨ੍ਹਾਂ ਦੇ ਬਸਤੇ ਫਰੋਲਦੀ ਤੇ ਰੰਗਾਂ ਨਾਲ ਖੇਡਦੀ ਕਿਤਾਬਾਂ ਰੰਗ ਦਿੰਦੀ। ਚੁੱਪ ਚਾਪ ਰਾਣੇ ਦੀ ਪੈੱਨਸਿਲ ਲੈ ਕੇ ਉਹ ਹੇਠਾਂ ਆ ਜਾਂਦੀ ਤੇ ਕਿਸੇ ਨਾ ਕਿਸੇ ਕਮਰੇ ਦੀਆਂ ਕੰਧਾਂ ’ਤੇ ਨਿੱਕੇ-ਨਿੱਕੇ, ਇੱਲ-ਬਤੌੜੇ ਵਾਹ ਦਿੰਦੀ। ਜਦੋਂ ਕਦੀ ਝੱਲੀ ਦੀ ਮਾਂ ਕਿਸੇ ਕੰਧ ’ਤੇ ਪਈਆਂ ਝਰੀਟਾਂ ਵੇਖਦੀ ਤਾਂ ਖਿਝਦੀ, ਕਲਪਦੀ ਉਹ ਉਸ ਨੂੰ ਖੂਬ ਡਾਂਟਦੀ।
ਝੱਲੀ ਦਾ ਘਰ ਬੜਾ ਸੋਹਣਾ ਸੀ। ਨਵਾਂ, ਨਵਾਂ ਰੰਗ, ਰੋਗਨ ਹੋਣ ਕਾਰਨ ਸਾਰਾ ਘਰ ਝਿਲ-ਮਿਲ, ਝਿਲ-ਮਿਲ ਕਰਦਾ ਸੀ। ਇੱਕ ਦਿਨ ਝੱਲੀ ਨੇ ਰਾਣੇ ਦੇ ਬਸਤੇ ਵਿੱਚੋਂ ਮੋਮੀ ਰੰਗ ਕੱਢ ਲਏ ਤੇ ਹਾਲ ਕਮਰੇ ਦੀਆਂ ਸਾਰੀਆਂ ਕੰਧਾਂ ’ਤੇ ਗੂੜ੍ਹੀਆਂ-ਗੂੜ੍ਹੀਆਂ ਲੀਕਾਂ ਮਾਰ ਦਿੱਤੀਆਂ। ਆਪਣੇ ਰੰਗ ਲੱਭਦਾ ਜਦੋਂ ਰਾਣਾ ਹਾਲ ਕਮਰੇ ਵਿੱਚ ਆਇਆ ਤਾਂ ਸੀਨ ਵੇਖ ਉਹ ਹੱਕ-ਬੱਕਾ ਰਹਿ ਗਿਆ। ਕਮਰੇ ਦੀਆਂ ਰੋਗਨ ਕੀਤੀਆਂ ਕੰਧਾਂ ਨੀਲੀਆਂ-ਪੀਲੀਆਂ ਹੋਈਆਂ ਪਈਆਂ ਸਨ। ਭੌਂਦੇ ਪੈਰੀਂ, ਉਹ ਮਾਂ ਕੋਲ ਭੱਜ ਗਿਆ ਤੇ ਉਨ੍ਹਾਂ ਨੂੰ ਝੱਲੀ ਦੀ ਕਰਤੂਤ ਵਿਖਾਉਣ ਲਈ ਆਪਣੇ ਨਾਲ ਹੀ ਹਾਲ ਕਮਰੇ ਵਿੱਚ ਲੈ ਆਇਆ। ਰੰਗੀਆਂ ਕੰਧਾਂ ਵੇਖ ਝੱਲੀ ਦੀ ਮਾਂ ਵੀ ਘਬਰਾ ਗਈ। ਗੁੱਸੇ ਵਿੱਚ ਉਸ ਨੂੰ ਦੋ, ਤਿੰਨ ਚਪੇੜਾਂ ਮਾਰ ਉਹ ਉੱਥੇ ਹੀ ਬੈਠ ਗਈ।
ਝੱਲੀ ਦੇ ਪਾਪਾ ਆਉਣ ਵਾਲੇ ਸਨ। ਕਮਰੇ ਵਿੱਚ ਬੈਠੇ ਰਾਣਾ ਤੇ ਉਸ ਦੇ ਅੰਮੀ ਸੋਚ ਰਹੇ ਸਨ, ‘ਅੱਜ ਸਾਡੀ ਝਾੜ-ਝੰਬ ਜ਼ਰੂਰ ਹੋਏਗੀ…।’
ਬਾਰੀ ਵਿੱਚੋਂ ਬਾਹਰ ਵੇਖ ਰਹੀ ਝੱਲੀ ਇਸ ਸਾਰੇ ਕੁਝ ਤੋਂ ਬੇਖ਼ਬਰ ਸੀ। ਖੇਡਦਾ, ਖੇਡਦਾ ਬੂਟਾ ਵੀ ਘਰ ਆ ਗਿਆ। ਬੜੇ ਧਿਆਨ ਨਾਲ ਕੰਧਾਂ ’ਤੇ ਵਾਹੀਆਂ ਰੰਗਦਾਰ ਤਸਵੀਰਾਂ ਵੇਖ ਬੂਟੇ ਨੇ ਰਾਣੇ ਨੂੰ ਪੁੱਛਿਆ, ‘ਰਾਣੇ ਵੀਰੇ! ਇੰਨੇ ਸੋਹਣੇ ਪਾਪਲੀ-ਪਾਪਲੂ ਤੂੰ ਬਣਾਏ ਨੇ?’
‘ਪਾਗਲ ! ਤਸਵੀਰਾਂ ਨਹੀਂ … ਝੱਲੀ ਨੇ ਇਹ ਲੀਕਾਂ ਝਰੀਟੀਆਂ ਨੇ … ਅੱਜ ਪਾਪਾ ਹੱਥੋਂ ਇਸ ਦੀ ਪਿਟਾਈ ਜ਼ਰੂਰ ਹੋਏਗੀ…।’ ਰਾਣੇ ਨੇ ਬੂਟੇ ਨੂੰ ਕਿਹਾ।
ਬੂਟਾ ਝੱਲੀ ਦੇ ਕੋਲ ਚਲਾ ਗਿਆ। ਉਸ ਦੇ ਮੋਢੇ ’ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਪੁੱਛਣ ਲੱਗਾ, ‘ਝੱਲੀ ਰਾਣੀ! ਤੂੰ ਕੰਧਾਂ ’ਤੇ ਲੀਕਾਂ ਕਿਉਂ ਮਾਰੀਆਂ ਨੇ?’
‘ਮੈਂ ਲੀਕਾਂ ਨਹੀਂ ਮਾਰੀਆਂ, ਆਪਣੀ ਮਰਜ਼ੀ ਦੀ ਪੇਂਟਿੰਗ ਬਣਾਈ ਹੈ।’ ਬੇਖੌਫ਼ ਬਾਹਰ ਵੇਖ ਰਹੀ ਝੱਲੀ ਬੋਲੀ।
‘ਪਾਪਾ ਆ ਕੇ ਤੇਰੇ ਮੂੰਹ ’ਤੇ ਥੱਪੜਾਂ ਦੀ ਪੇਂਟਿੰਗ ਬਣਾਉਣਗੇੇ।’ ਡਰੀ-ਡਰੀ ਆਵਾਜ਼ ਵਿੱਚ ਰਾਣੇ ਨੇ ਝੱਲੀ ਨੂੰ ਕਿਹਾ।
‘ਪਾਪਾ ਆ ਗਏ… ਪਾਪਾ ਆ ਗਏ।’ ਅਚਾਨਕ ਵੱਜੀ ਬਾਹਰਲੀ ਘੰਟੀ ਦੀ ਆਵਾਜ਼ ਸੁਣ ਝੱਲੀ ਰੌਲਾ ਪਾਉਂਦੀ ਬਾਹਰ ਭੱਜ ਗਈ। ਕੁਝ ਚਿਰ ਬਾਅਦ, ਪਾਪਾ ਦੇ ਕੁੱਛੜ ਚੜ੍ਹੀ ਉਹ ਮੁੜ ਹਾਲ ਕਮਰੇ ਵਿੱਚ ਆ ਗਈ। ਹੱਸਦੀ ਹੋਈ ਝੱਲੀ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਕੁਝ ਚਿਰ ਪਹਿਲਾਂ ਉਸ ਨੇ ਕੰਧਾਂ ’ਤੇ ਲੀਕਾਂ ਮਾਰੀਆਂ ਸਨ।
ਰਾਣਾ, ਉਸ ਦੀ ਮਾਂ ਤੇ ਬੂਟਾ ਕਮਰੇ ਵਿੱਚ ਚੁੱਪ-ਚਾਪ ਬੈਠੇ ਹੋਏ ਸਨ। ਕਮਰੇ ਵਿੱਚ ਫੈਲੀ ਹੋਈ ਚੁੱਪ ਨੂੰ ਮਹਿਸੂਸ ਕਰਦਿਆਂ ਝੱਲੀ ਦੇ ਪਾਪਾ ਨੇ ਪੁੱਛਿਆ, ‘ਘਰ ਵਿੱਚ ਸੁੱਖ, ਸ਼ਾਂਤੀ ਤਾਂ ਹੈ ? ਸਾਰੇ ਜਣੇ ਚੁੱਪ ਕਿਉਂ ਬੈਠੇ ਹੋ?’
‘ਪਾਪਾ ! ਪਾਪਾ !! ਆਪਣੀ ਝੱਲੀ ਰਾਣੀ ਦੀਆਂ ਕੰਧਾਂ ’ਤੇ ਮਾਰੀਆਂ ਲਕੀਰਾਂ ਵੇਖੋ।’ ਰਾਣੇ ਨੇ ਕਿਹਾ।
ਆਲੇ-ਦੁਆਲੇ ਤੋਂ ਬੇਖ਼ਬਰ ਤੇ ਕਿਸੇ ਭਰ, ਭੈਅ ਤੋਂ ਮੁਕਤ ਝੱਲੀ ਆਪਣੇ ਪਾਪਾ ਨੂੰ ਜੱਫੀ ਪਾਈ ਬੜੇ ਆਰਾਮ ਨਾਲ ਉਨ੍ਹਾਂ ਦੀ ਗੋਦ ਵਿੱਚ ਬੈਠੀ ਹੋਈ ਸੀ। ਉਸ ਨੂੰ ਕੁੱਛੜ ਚੁੱਕੀ ਉਸ ਦੇ ਪਾਪਾ ਸੋਫੇ ਤੋਂ ਉੱਠ ਖਲੋਤੇ ਤੇ ਬੜੇ ਧਿਆਨ ਨਾਲ ਰੰਗੀਆਂ ਹੋਈਆਂ ਕੰਧਾਂ ਨੂੰ ਵੇਖਣ ਲੱਗ ਪਏ।
‘ਸੌਰੀ! ਅੱਜ ਮੇਰੀ ਬੇਧਿਆਨੀ ਕਾਰਨ ਇਸ ਝੱਲ-ਵਲੱਲੀ ਨੇ ਘਰ ਵਿੱਚ ਖ਼ਰਾਬੀ ਕੀਤੀ ਏ … ਅੱਗੇ ਤੋਂ ਮੈਂ ਇਸ ਦਾ ਵਧੇਰੇ ਧਿਆਨ ਰੱਖਿਆ ਕਰਾਂਗੀ।’ ਝੱਲੀ ਦੇ ਪਾਪਾ ਨੂੰ ਪਾਣੀ ਦਾ ਗਿਲਾਸ ਦਿੰਦੀ ਉਸ ਦੀ ਅੰਮੀ ਬੋਲੀ।
‘ਪਾਪਾ ! ਪਾਪਾ ! ਵੇਖੋ, ਝੱਲੀ ਰਾਣੀ ਹੁਣ ਲਿਖਣਾ, ਪੜ੍ਹਨਾ ਚਾਹੁੰਦੀ ਏ … ਇਸ ਨੂੰ ਵੀ ਸਾਡੇ ਵਾਂਗ ਕਿਤਾਬਾਂ, ਕਾਪੀਆਂ ਤੇ ਰੰਗ ਲੈ ਦੇਣੇ ਚਾਹੀਦੇੇੇ।’ ਇਸ ਤੋਂ ਪਹਿਲਾਂ ਕਿ ਝੱਲੀ ਦੇ ਪਾਪਾ ਉਦਾਸ ਖੜ੍ਹੀ ਉਸ ਦੀ ਅੰਮੀ ਨੂੰ ਝੱਲੀ ਦੀਆਂ ਪੜ੍ਹਨ, ਲਿਖਣ ਵਾਲੀਆਂ ਰੁਚੀਆਂ ਬਾਰੇ ਜਾਣਕਾਰੀ ਦਿੰਦੇ, ਲਾਗੇ ਬੈਠੇ ਬੂਟੇ ਨੇ ਆਪਣੀ ਸਮਝ ਮੁਤਾਬਕ ਸਲਾਹ ਦੇ ਦਿੱਤੀ।
‘ਓਕੇ ! ਓਕੇ !! ਜੇ ਸਾਡੀ ਝੱਲੀ ਰਾਣੀ ਸੱਚੀ-ਮੁੱਚੀ ਪੜ੍ਹਨਾ, ਲਿਖਣਾ ਚਾਹੁੰਦੀ ਏ ਤਾਂ ਇਹ ਬੜੀ ਖੁਸ਼ੀ ਵਾਲੀ ਗੱਲ ਏ।’ ਝੱਲੀ ਦੇ ਪਾਪਾ ਨੇ ਬੜੇ ਲਾਡ, ਪਿਆਰ ਨਾਲ ਝੱਲੀ ਦੇ ਸਿਰ ’ਤੇ ਹੱਥ ਫੇਰਿਆ ਤੇ ਮੁੜਦੇ ਪੈਰੀਂ ਉਸ ਨੂੰ ਨਾਲ ਲੈ ਕੇ ਬਾਜ਼ਾਰ ਚਲੇ ਗਏ।
ਮਿੰਟਾਂ, ਸਕਿੰਟਾਂ ਵਿੱਚ ਝੱਲੀ ਨੇ ਨੀਲਾ ਬੈਗ, ਤਸਵੀਰਾਂ ਵਾਲੀਆਂ ਕਿਤਾਬਾਂ ਤੇ ਆਪਣੀ ਲੋੜ ਅਤੇ ਪਸੰਦ ਦੇ ਸਕੈੱਚ ਪੈੱਨ ਚੁਣ ਲਏ। ਪਾਪਾ ਨੇ ਵੀ ਬਿਨਾਂ ਝਿਜਕ ਉਸ ਨੂੰ ਸਾਰਾ ਕੁਝ ਖ਼ਰੀਦ ਦਿੱਤਾ।
ਸ਼ੌਪਿੰਗ ਕਰਕੇ ਵਾਪਸ ਆਈ ਝੱਲੀ ਦੇ ਪੈਰ ਜ਼ਮੀਨ ’ਤੇ ਨਹੀਂ ਸਨ ਟਿਕ ਰਹੇ। ਇੱਧਰ, ਉੱਧਰ ਖੁਸ਼ੀ ਨਾਲ ਆਪਣੇ ਨੀਲੇ ਬੈਗ ਨੂੰ ਘੁੰਮਾਉਂਦੀ ਉਹ ਇੰਜ ਮਹਿਸੂਸ ਕਰ ਰਹੀ ਸੀ ਜਿਵੇਂ ਪੇਂਟਿੰਗ ਬਣਾਉਣ ਲਈ ਲੋੜੀਂਦੀਆਂ ਕੰਧਾਂ, ਧਰਤੀ, ਆਸਮਾਨ ਤੇ ਜੀਵ, ਜੰਤੂ ਸਾਰੇ ਉਸ ਦੇ ਬੈਗ ਵਿੱਚ ਪਏ ਹੋਣ।