ਨਵੀਂ ਦਿੱਲੀ, 7 ਜੂਨ

ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐੱਸਪੀ) 143 ਰੁਪਏ ਵਧਾ ਕੇ ਇਸ ਸਾਉਣੀ ਦੇ ਸੀਜ਼ਨ ਵਿਚ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਪਿਛਲੇ ਇਕ ਦਹਾਕੇ ਵਿਚ ਕੀਤਾ ਗਿਆ ਦੂਜਾ ਸਭ ਤੋਂ ਵੱਡਾ ਵਾਧਾ ਹੈ।

ਇਸ ਤੋਂ ਪਹਿਲਾਂ ਵਿੱਤੀ ਵਰ੍ਹੇ 2018-19 ਵਿਚ ਝੋਨੇ ਦੇ ਐਮਐੱਸਪੀ ਵਿਚ ਸਭ ਤੋਂ ਵੱਡਾ ਵਾਧਾ 200 ਰੁਪਏ ਪ੍ਰਤੀ ਕੁਇੰਟਲ ਦੇ ਰੂਪ ਵਿਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਲ 2023-24 ਦੀਆਂ ਸਾਉਣੀ ਦੀਆਂ ਫ਼ਸਲਾਂ ਲਈ ਐਮਐੱਸਪੀ ਵਿਚ 5.3 ਪ੍ਰਤੀਸ਼ਤ ਤੋਂ 10.35 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਕੁੱਲ-ਮਿਲਾ ਕੇ ਐਮਐੱਸਪੀ ਨੂੰ 128 ਰੁਪਏ ਤੋਂ 805 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਫ਼ਸਲੀ ਵਰ੍ਹੇ 2023-24 ਵਿਚ ਪੈਦਾ ਕੀਤੀਆਂ ਜਾਣ ਵਾਲੀਆਂ ਤੇ ਸਾਉਣੀ ਦੇ ਮੰਡੀਕਰਨ ਸੀਜ਼ਨ (ਅਕਤੂਬਰ-ਸਤੰਬਰ) ਵਿਚ ਖਰੀਦੀਆਂ ਜਾਣ ਵਾਲੀਆਂ ਸਾਰੀਆਂ ਜ਼ਰੂਰੀ ਫ਼ਸਲਾਂ ਦੇ ਐਮਐੱਸਪੀ ਨੂੰ ਮਨਜ਼ੂਰੀ ਦਿੱਤੀ ਹੈ। ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਐਮਐੱਸਪੀ ਵਿਚ ਵਾਧੇ ਦਾ ਅਜਿਹੇ ਸਮੇਂ ਵਿਚ ਲਾਭ ਹੋਵੇਗਾ ਜਦ ਪ੍ਰਚੂਨ ਮਹਿੰਗਾਈ ਵਿਚ ਗਿਰਾਵਟ ਦਾ ਰੁਝਾਨ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ’ਚ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਅਧਾਰ ਉਤੇ ਸਮੇਂ-ਸਮੇਂ ’ਤੇ ਐਮਐੱਸਪੀ ਤੈਅ ਕੀਤੀ ਜਾਂਦੀ ਹੈ। ਇਸ ਸਾਲ ਸਾਉਣੀ ਦੀਆਂ ਫ਼ਸਲਾਂ ਦੇ ਐਮਐੱਸਪੀ ਵਿਚ ਵਾਧਾ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿਚ ਸਭ ਤੋਂ ਵੱਧ ਹੈ। ਸਾਉਣੀ ਦੇ ਅਨਾਜ ਵਿਚ ‘ਆਮ ਗਰੇਡ’ ਝੋਨੇ ਦਾ ਐਮਐੱਸਪੀ ਪਿਛਲੇ ਸਾਲ ਦੇ 2,040 ਰੁਪਏ ਤੋਂ ਸੱਤ ਪ੍ਰਤੀਸ਼ਤ (143 ਰੁਪਏ) ਵਧ ਕੇ 2183 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਝੋਨੇ ਦੀ ‘ਏ’ ਗਰੇਡ ਕਿਸਮ ਦਾ ਸਮਰਥਨ ਮੁੱਲ 2060 ਰੁਪਏ ਪ੍ਰਤੀ ਕੁਇੰਟਲ ਤੋਂ 143 ਰੁਪਏ ਵਧ ਕੇ 2203 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਵਾਰ (ਹਾਈਬ੍ਰਿਡ) ਤੇ ਜਵਾਰ (ਮਾਲਦੰਡੀ) ਦਾ ਐਮਐੱਸਪੀ 3180 ਰੁਪਏ ਤੇ 3225 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜੋ ਕਿ ਸਾਲ 2022-23 ਵਿਚ 2970 ਤੇ 2990 ਰੁਪਏ ਸੀ। ਇਹ ਵਾਧਾ ਸੱਤ ਪ੍ਰਤੀਸ਼ਤ ਤੇ 7.85 ਪ੍ਰਤੀਸ਼ਤ ਬਣਦਾ ਹੈ।
ਸਾਲ 2023-24 ਲਈ ਮੱਕੀ ਦਾ ਸਮਰਥਨ ਮੁੱਲ 6.5 ਪ੍ਰਤੀਸ਼ਤ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ ਜਦਕਿ ਰਾਗੀ ਦਾ ਐਮਐੱਸਪੀ 7.49 ਪ੍ਰਤੀਸ਼ਤ ਵਧਾ ਕੇ 3,846 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਅਨਾਜਾਂ ਦੀਆਂ ਕੀਮਤਾਂ ਵਿਚ ਦਹਾਈ ਅੰਕ ਵਿਚ ਵਾਧਾ ਹੋਣ ਬਾਰੇ ਪੁੱਛੇ ਜਾਣ ’ਤੇ ਗੋਇਲ ਨੇ ਕਿਹਾ ਕਿ ਇਹ ਮਹਿੰਗਾਈ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਆਮਦਨੀ ਵਿਚ ਵਾਧੇ ਕਾਰਨ ਅਨਾਜ ਦੀ ਮੰਗ ਵਿਚ ਵਾਧੇ ਨੂੰ ਦਰਸਾਉਂਦਾ ਹੈ। ਤਿਲਾਂ ਦੇ ਤੇਲ ਦਾ ਐਮਐੱਸਪੀ ਸਾਲ 2023-24 ਵਿਚ 10.28 ਪ੍ਰਤੀਸ਼ਤ ਵਧ ਕੇ 8635 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮੂੰਗਫਲੀ ਦਾ ਐਮਐੱਸਪੀ ਨੌਂ ਪ੍ਰਤੀਸ਼ਤ ਵਧ ਕੇ 6377 ਰੁਪਏ ਹੋ ਗਿਆ ਹੈ। ਸੋਇਆਬੀਨ ਦਾ ਸਮਰਥਨ ਮੁੱਲ 6.97 ਪ੍ਰਤੀਸ਼ਤ ਵਧਾ ਕੇ 4600 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਦਕਿ ਸੂਰਜਮੁਖੀ ਬੀਜ ਦਾ ਮੁੱਲ 5.6 ਪ੍ਰਤੀਸ਼ਤ ਵਧਾ ਕੇ 6760 ਰੁਪਏ ਕਰ ਦਿੱਤਾ ਗਿਆ ਹੈ। ਕਪਾਹ (ਲੌਂਗ ਸਟੇਬਲ) ਤੇ ਕਪਾਹ (ਮੀਡੀਅਮ ਸਟੇਬਲ) ਦਾ ਐਮਐੱਸਪੀ 7020 ਤੇ 6620 ਪ੍ਰਤੀ ਕੁਇੰਟਲ ਤੈਅ ਹੋਇਆ ਹੈ।