ਗੁਰਦਾਸਪੁਰ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਬਟਾਲਾ ਵਿੱਚ ਗੈਂਗਸਟਰ ਦੀ ਮਾਂ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਨਾਂ ਦਾ ਇੱਕ ਬੰਦਾ ਸਕਾਰਪੀਓ ਕਾਰ ਵਿੱਚ ਜਾ ਰਹੇ ਸਨ, ਕਾਰ ਕਰਨਵੀਰ ਚਲਾ ਰਿਹਾ ਸੀ। ਇਸ ਦੌਰਾਨ ਤਿੰਨ ਬਾਈਕ ਸਵਾਰ ਉੱਥੇ ਪਹੁੰਚੇ ਅਤੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿੱਚ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਸਦੀ ਉੱਥੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਰਜੀਤ ਨੂੰ 6 ਤੇ ਕਰਨਵੀਰ ਨੂੰ ਚਾਰ ਗੋਲੀਆਂ ਲੱਗੀਆਂ। ਵਾਰਦਾਤ ਮਗਰੋਂ ਹਮਲਾਵਰ ਫਰਾਰ ਹੋ ਗਏ।
ਬੰਬੀਹਾ ਗੈਂਗ ਨਾਲ ਜੁੜੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਵਿੱਚੋਂ ਦੋ ਗੈਂਗਸਟਰ ਹਰਿਆਣਾ ਦੇ ਹਨ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗਵਾਰ ਨਾਲ ਜੋੜ ਰਹੀ ਹੈ, ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ। ਉਸ ਦੀਆਂ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਹੋਈਆਂ ਹਨ।

ਇਹ ਘਟਨਾ ਵੀਰਵਾਰ (26 ਜੂਨ) ਰਾਤ ਲਗਭਗ 9.00 ਵਜੇ ਵਾਪਰੀ। ਪੁਲਿਸ ਰਾਤ ਤੋਂ ਹੀ ਘਟਨਾ ਵਾਲੀ ਥਾਂ ‘ਤੇ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਿਸੇ ਵਿਰੋਧੀ ਗਿਰੋਹ ਦੀ ਸਾਜ਼ਿਸ਼ ਹੋ ਸਕਦੀ ਹੈ।

ਪੁਲਿਸ ਨੂੰ ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਮਿਲ ਗਈ ਹੈ। ਇਸ ਦੇ ਨਾਲ ਹੀ, ਅਗਲੇਰੀ ਕਾਰਵਾਈ ਕਰਦੇ ਹੋਏ, ਪੁਲਿਸ ਚਸ਼ਮਦੀਦਾਂ ਦੇ ਬਿਆਨ ਵੀ ਇਕੱਠੇ ਕਰ ਰਹੀ ਹੈ। ਫਿਲਹਾਲ, ਕਤਲ ਵਿੱਚ ਸ਼ਾਮਲ ਹਮਲਾਵਰ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਦੱਸ ਦੇਈਏ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਵਾਲਾਲ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਪੰਜਾਬ ਦੇ ਸਭ ਤੋਂ ਬਦਨਾਮ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹੁਣ ਤੱਕ ਉਸ ਵਿਰੁੱਧ ਕਤਲ, ਫਿਰੌਤੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਗੈਂਗਵਾਰ ਨਾਲ ਸਬੰਧਤ 128 ਮਾਮਲੇ ਦਰਜ ਹਨ।
ਜੱਗੂ ਭਗਵਾਨਪੁਰੀਆ ਦਾ ਨਾਮ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੀ ਆਇਆ ਸੀ। ਇਸ ਵੇਲੇ ਉਹ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਬੰਦ ਹੈ। ਮਾਰਚ 2025 ਵਿੱਚ ਉਸਨੂੰ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਤੋਂ ਉੱਚ ਸੁਰੱਖਿਆ ਵਿਚਕਾਰ ਸਿਲਚਰ ਲਿਆਂਦਾ ਗਿਆ ਸੀ। ਜਾਂਚ ਦੌਰਾਨ, ਪੁਲਿਸ ਨੂੰ ਪਤਾ ਲੱਗਾ ਕਿ ਜੱਗੂ ਭਗਵਾਨਪੁਰੀਆ ਦਾ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ ਤੱਕ ਵੀ ਫੈਲਿਆ ਹੋਇਆ ਹੈ।