ਊਧਮਪੁਰ: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਬਸੰਤਗੜ੍ਹ ਦੇ ਕੰਡਵਾ ਖੇਤਰ ਨੇੜੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨਾਂ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦਰਦਨਾਕ ਹਾਦਸੇ ਵਿੱਚ 3 ਸੀਆਰਪੀਐਫ ਜਵਾਨਾਂ ਦੀ ਮੌਤ ਹੋ ਗਈ, ਜਦਕਿ 16 ਜਵਾਨ ਜ਼ਖਮੀ ਹੋਏ।
ਜਾਣਕਾਰੀ ਮੁਤਾਬਕ, ਸਾਰੇ ਜ਼ਖਮੀਆਂ ਨੂੰ ਕਮਾਂਡ ਹਸਪਤਾਲ ਲਿਜਾਇਆ ਜਾ ਰਿਹਾ ਹੈ। ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਕਿਹਾ, “ਕੰਡਵਾ-ਬਸੰਤਗੜ੍ਹ ਖੇਤਰ ਵਿੱਚ ਸੀਆਰਪੀਐਫ ਦੇ ਵਾਹਨ ਨਾਲ ਹੋਏ ਸੜਕ ਹਾਦਸੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਗੱਡੀ ਵਿੱਚ ਸਵਾਰ ਸੀਆਰਪੀਐਫ ਦੇ ਬਹਾਦਰ ਜਵਾਨ ਸਨ। ਮੈਂ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ, ਜੋ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਸਥਾਨਕ ਲੋਕ ਵੀ ਸਵੈ-ਇੱਛਾ ਨਾਲ ਮਦਦ ਲਈ ਅੱਗੇ ਆਏ ਹਨ। ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।”
ਹਾਦਸੇ ਦੀਆਂ ਦੁਖਦਾਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਗੱਡੀ ਦੇ ਖੱਡ ਵਿੱਚ ਡਿੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।
ਸੀਆਰਪੀਐਫ ਅਨੁਸਾਰ, 187ਵੀਂ ਬਟਾਲੀਅਨ ਦਾ ਇੱਕ ਵਾਹਨ, ਜਿਸ ਵਿੱਚ 18 ਜਵਾਨ ਸਵਾਰ ਸਨ, ਅੱਜ ਸਵੇਰੇ 10:30 ਵਜੇ ਦੇ ਕਰੀਬ ਊਧਮਪੁਰ ਜ਼ਿਲ੍ਹੇ ਦੇ ਕੰਡਵਾ ਤੋਂ ਬਸੰਤਗੜ੍ਹ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਖੱਡ ਵਿੱਚ ਜਾ ਡਿੱਗਿਆ।