ਸ੍ਰੀਨਗਰ, 25 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਵੱਲੋਂ ਦਿੱਤੇ ਗਏ ਬਿਆਨ ਕਿ ਸਰਕਾਰ ਪਾਕਿਸਤਾਨ ਨਾਲ ਗੱਲਬਾਤ ਕਰੇ, ਦੇ ਸੰਦਰਭ ਵਿੱਚ ਕਿਹਾ ਹੈ ਕਿ ਸਰਕਾਰ ਜੰਮੂ-ਕਸ਼ਮੀਰ ਦੇ ਵਿਕਾਸ ਲਈ ਸਥਾਨਕ ਨੌਜਵਾਨਾਂ ਨਾਲ ਹੀ ਗੱਲਬਾਤ ਕਰੇਗੀ। ਜੰਮੂ-ਕਸ਼ਮੀਰ ਵਿੱਚ ਅਗਸਤ 2019 ਵਿੱਚ ਧਾਰਾ 370 ਹਟਾ ਦਿੱਤੀ ਗਈ ਸੀ ਤੇ ਇਸ ਕਾਰਵਾਈ ਮਗਰੋਂ ਪਹਿਲੀ ਵਾਰ ਅਮਿਤ ਸ਼ਾਹ ਵੱਲੋਂ ਘਾਟੀ ਦਾ ਤਿੰਨ ਰੋਜ਼ਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਰੂਕ ਅਬਦੁੱਲ੍ਹਾ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਹੱਕ ਹੈ ਪਰ ਸਰਕਾਰ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਥਾਂ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨਾਲ ਹੀ ਗੱਲਬਾਤ ਕਰੇਗੀ। ਉਨ੍ਹਾਂ ਨੇ ਕਸ਼ਮੀਰ ਘਾਟੀ ਵਿੱਚ ਕਈ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਤੇ ਕਈ ਪ੍ਰਾਜੈਕਟਾਂ ਦੇ ਨੀਂਹ-ਪੱਥਰ ਰੱਖੇ। ਉਨ੍ਹਾਂ ਨੇ ਕਸ਼ਮੀਰ ਘਾਟੀ ਦੇ ਬੇਮੀਨਾ ਕਸਬੇ ਵਿੱਚ 500 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ। ਇਹ ਹਸਪਤਾਲ 115 ਕਰੋੜ ਰੁਪਏ ਖਰਚ ਕੇ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਹੰਦਵਾੜਾ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ ਬਾਰਾਮੁਲਾ ਜ਼ਿਲ੍ਹੇ ਵਿੱਚ ਫਿਰੋਜ਼ਪੁਰ ਨਾਲੇ ਉੱਤੇ 46 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪੁਲ ਅਤੇ 4 ਹਜ਼ਾਰ ਕਰੋੜ ਦੇ ਸੜਕੀ ਪ੍ਰਾਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।