ਊਧਮਪੁਰ/ਜੰਮੂ, 29 ਸਤੰਬਰ
ਜੰਮੂ ਕਸ਼ਮੀਰ ਦੇ ਊਧਮਪੁਰ ਸ਼ਹਿਰ ਵਿਚ ਬੱਸ ਸਟੈਂਡ ’ਤੇ ਖੜ੍ਹੀ ਇਕ ਬੱਸ ਵਿੱਚ ਅੱਜ ਸਵੇਰੇ ਧਮਾਕਾ ਹੋ ਗਿਆ। ਹਾਲਾਂਕਿ, ਇਸ ਧਮਾਕੇ ਵਿੱਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਹੀ ਘੰਟਿਆਂ ਦੇ ਫਰਕ ਵਿੱਚ ਸ਼ਹਿਰ ’ਚ ਦੋ ਧਮਾਕੇ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ‘ਹਾਈ ਅਲਰਟ’ ਜਾਰੀ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਅੱਜ ਸਵੇਰੇ ਕਰੀਬ 5.40 ਵਜੇ ਇਹ ਧਮਾਕਾ ਹੋਇਆ। ਇਹ ਘਟਨਾਵਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈਆਂ ਹਨ। ਉਨ੍ਹਾਂ ਨੇ 30 ਸਤੰਬਰ ਨੂੰ ਜੰਮੂ ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ’ਤੇ ਜਾਣਾ ਸੀ ਅਤੇ ਪਹਿਲੀ ਅਕਤੂਬਰ ਨੂੰ ਰਾਜੌਰੀ ਤੇ 2 ਅਕਤੂਬਰ ਨੂੰ ਬਾਰਾਮੂਲਾ ’ਚ ਜਨ ਸਭਾਵਾਂ ਕਰਨੀਆਂ ਸਨ। ਹਾਲਾਂਕਿ, ਬਾਅਦ ਵਿੱਚ ਦੌਰੇ ਦੇ ਪ੍ਰੋਗਰਾਮ ’ਚ ਫੇਰਬਦਲ ਕੀਤਾ ਗਿਆ।