ਕਰਤਾਰਪੁਰ, 7 ਮਾਰਚ
ਜੰਗ-ਏ-ਆਜ਼ਾਦੀ ਸਮਾਰਕ ਦੇ ਦੂਜੇ ਪੜਾਅ ਦੀਆਂ 6 ਗੈਲਰੀਆਂ ਲੋਕ ਅਰਪਣ ਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੀਜੇ ਪੜਾਅ ਲਈ ਆਉਂਦੇ ਬਜਟ ਵਿੱਚ 25 ਕਰੋੜ ਰੁਪਏ ਰੱਖੇ ਜਾਣਗੇ। ਉਨ੍ਹਾਂ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਸਾਹਮਣੇ ਸਮਾਰਕ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਮੁਫ਼ਤ ਦਾਖਲੇ ਦਾ ਪ੍ਰਸਤਾਵ ਰੱਖਿਆ। ਦੱਸਣਯੋਗ ਹੈ ਕਿ ਪਹਿਲੇ ਪੜਾਅ ਲਈ 9.5 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਰਤਰਾਪੁਰ ਸਮਾਰਕ ਅਤੇ ਅੰਮ੍ਰਿਤਸਰ ਵਿੱਚ ਵਿਰਾਸਤੀ ਅਜਾਇਬਘਰ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਸਾਡੇ ਪੁਰਖਿਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ 600 ਕੈਦੀ ਬੰਦ ਸਨ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਸਨ। ਉਨ੍ਹਾਂ ਬਾਰੇ ਪੰਜਾਬ ਵਾਸੀਆਂ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਉਥੇ ਦੋ ਟਾਪੂ ਲਾਏ ਸਨ, ਜੋ ਕਿ ਸੁਨਾਮੀ ਨੇ ਤਬਾਹ ਕਰ ਦਿੱਤੇ। ਉਨ੍ਹਾਂ ਦੀ ਜਾਣਕਾਰੀ ਲੈ ਕੇ ਨਾਂ ਤੇ ਪਤੇ ਇੱਥੇ ਦਰਜ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।
ਸਮਾਰੋਹ ਦੌਰਾਨ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਸਮਾਰਕ ਉੱਤਮ ਕਲਾ ਦਾ ਨਮੂਨਾ ਹੈ, ਜਿਸ ਨੂੰ ਨਾਮਵਰ ਸ਼ਿਲਪਕਾਰ ਰਾਜ ਰਿਵਾਲ ਨੇ ਤਿਆਰ ਕੀਤਾ ਹੈ। ਇਸ ਯਾਦਗਾਰ ਵਿੱਚ 100 ਸਾਲਾਂ ਦੇ ਆਜ਼ਾਦੀ ਦੇ ਇਤਿਹਾਸ ਨੂੰ ਹਰ ਨਜ਼ਰੀਏ ਤੋਂ ਦੇਖ ਕੇ ਇਸ ਸਬੰਧੀ ਪੂਰਾ ਸੰਕਲਪ ਤਿਆਰ ਕਰਨ ਲਈ ਇਤਿਹਾਸਕਾਰਾਂ ਦੀ ਕਮੇਟੀ ਵਿੱਚ ਡਾ. ਕਿਰਪਾਲ ਸਿੰਘ, ਡਾ. ਜੇ.ਐਸ. ਗਰੇਵਾਲ, ਡਾ. ਜਸਪਾਲ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਕੇ.ਐਲ. ਟੁਟੇਜਾ ਅਤੇ ਡਾ. ਹਰੀਸ਼ ਸ਼ਰਮਾ ਸ਼ਾਮਲ ਕੀਤਾ ਗਿਆ ਸੀ। ਇਸ ਦੇ ਇਤਿਹਾਸ ਨੂੰ ਰੂਪਮਾਨ ਕਰਨ ਲਈ ਫਿਲਮ ਜਗਤ ਦੇ ਨਿਰਦੇਸ਼ਕ ਸ਼ਿਆਮ ਬੈਨੇਗਲ ਦੀਆਂ ਸੇਵਾਵਾਂ ਲਈਆਂ ਗਈਆਂ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਪੰਜਾਬੀਆਂ ਦੇ ਖੂਨ ਵਿੱਚ ਹੀ ਕੁਰਬਾਨੀ ਦੇਣ ਦਾ ਜਜ਼ਬਾ ਭਰਿਆ ਹੋਇਆ ਹੈ। ਸੱਭਿਆਚਾਰਕ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਜਾਣਕਾਰੀ ਅਜੋਕੀ ਪੀੜ੍ਹੀ ਨੂੰ ਦੇਣ ਲਈ ਪੰਜਾਬ ਹਿਸਟਰੀ ਤੇ ਕਲਚਰ ਨੂੰ ਇੱਕ ਵਿਸ਼ੇ ਵਜੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਉਪਰਾਲੇ ਕੀਤੇ ਜਾਣ।
ਸਮਾਗਮ ਦੌਰਾਨ ਪੁਡੂਚੇਰੀ ਦੇ ਸਾਬਕਾ ਲੈਫਟੀ. ਗਵਰਨਰ ਇਕਬਾਲ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਪਰਗਟ ਸਿੰਘ, ਸੁਸ਼ੀਲ ਰਿੰਕੂ, ਕੁਲਜੀਤ ਸਿੰਘ ਨਾਗਰਾ, ਰਾਣਾ ਗੁਰਜੀਤ ਸਿੰਘ, ਸਾਬਕਾ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇ.ਪੀ., ਹਰਮਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਮਾਨ, ਸਾਬਕਾ ਮੰਤਰੀ ਅਵਤਾਰ ਹੈਨਰੀ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਜਾਂਦੇ ਆਗੂ ਪੁਲੀਸ ਨੇ ਰੋਕੇ
ਉਦਘਾਟਨ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਆਂਗਣਵਾੜੀ ਮੁਲਾਜ਼ਮਾਂ ਨੂੰ ਪੁਲੀਸ ਨੇ ਰੋਕ ਕੇ ਦਾਣਾ ਮੰਡੀ ਵਿੱਚ ਬਿਠਾ ਲਿਆ। ਆਂਗਣਵਾੜੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ ਅਨੁਸਾਰ ਪੁਲੀਸ ਨੇ ਵਰਕਰਾਂ ਨੂੰ ਸਮਾਗਮ ਵਾਲੀ ਥਾਂ ਤੋਂ ਪਿਛਾਂਹ ਰੋਕੀ ਰੱਖਿਆ। ਕੁਝ ਸਮੇਂ ਬਾਅਦ ਉਨ੍ਹਾਂ ਦੀ ਮੰਗ ਪੱਤਰ ਦੇਣ ਲਈ ਹਲਕਾ ਵਿਧਾਇਕ ਨਾਲ ਗੱਲ ਕਰਵਾਈ ਗਈ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ। ਸਮਾਗਮ ਖ਼ਤਮ ਹੋਣ ਉਪਰੰਤ ਬੀਬੀਆਂ ਨੂੰ ਪੁਲੀਸ ਵੱਲੋਂ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਕਰਤਾਰਪੁਰ ਦੇ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਪੁੱਜੇ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਨਗਰ ਸੁਧਾਰ ਟਰੱਸਟ ਦੇ ਦਫਤਰ ਦੇ ਬਾਹਰ ਰੋਕੀ ਰੱਖਿਆ। ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਸ ਤੋਂ ਖਫ਼ਾ ਆਗੂਆਂ ਨੇ ਦਫਤਰ ਮੋਹਰੇ ਮੋਰਚਾ ਲਗਾ ਦਿੱਤਾ। ਯੂਨੀਅਨ ਦੇ ਰੋਹ ਨੂੰ ਦੇਖਦਿਆਂ ਐਸਡੀਐਮ ਨਕੋਦਰ ਭੁਪਿੰਦਰ ਸਿੰਘ ਨੇ ਮੌਕੇ ’ਤੇ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਲਿਆ।