ਵੈਨਕੂਵਰ — ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਹਵਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਨੇੜਲੇ ਖੇਤਰਾਂ ਅਤੇ ਸ਼ਹਿਰ ਵੈਨਕੂਵਰ ਵੀ ਹਵਾ ਪ੍ਰਦੂਸ਼ਣ ਦੀ ਮਾਰ ਹੇਠ ਆ ਗਈ ਹੈ ਅਤੇ ਸਥਿਤੀ ਅਜਿਹੀ ਬਣ ਗਈ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਦੁਨੀਆ ਭਰ ਵਿਚ ਦੂਸ਼ਿਤ ਸ਼ਹਿਰਾਂ ਵਜੋਂ ਜਾਣੀ ਜਾਂਦੀ ਭਾਰਤੀ ਰਾਜਧਾਨੀ ਦਿੱਲੀ ਨਾਲੋਂ ਵੀ ਇੱਥੇ ਸਥਿਤੀ ਗੰਭੀਰ ਹੋ ਗਈ ਹੈ। ਅੱਗ ਲੱਗਣ ਕਾਰਨ ਸੈਂਕੜੇ ਵਰਗ ਕਿਲੋਮੀਟਰ ਜੰਗਲ ਸੜ ਕੇ ਸਵਾਹ ਹੋ ਗਏ ਹਨ। ਜੰਗਲੀ ਅੱਗ ਕਾਰਨ ਆਸਮਾਨ ‘ਚ ਧੂੰਏਂ ਦਾ ਗੁਬਾਰ ਬਣ ਗਿਆ ਹੈ। ਜਿਸ ਕਾਰਨ ਸਰਕਾਰ ਵਲੋਂ ਲਗਾਤਾਰ ਸਾਹ ਰੋਗਾਂ ਤੋਂ ਪੀੜਤ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ। ਵਾਤਾਵਰਣ ਕੈਨੇਡਾ ਵਲੋਂ ਇਤਿਹਾਸ ਵਿਚ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਦੀ ਹਵਾ ਪੂਰੇ ਉੱਤਰੀ ਅਮਰੀਕਾ ‘ਚ ਸਭ ਤੋਂ ਮਾੜੀ ਦੇਖੀ ਗਈ ਹੈ। ਇਸ ਪ੍ਰਦੂਸ਼ਿਤ ਹਵਾ ਕਾਰਨ ਲੋਕ ਸਾਹ ਦੇ ਰੋਗ ਤੋਂ ਇਲਾਵਾ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਬਣ ਸਕਦੇ ਹਨ। ਇਸ ਸਥਿਤੀ ਦਾ ਅਸਰ ਸੈਲਾਨੀਆਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਹਵਾ ਦਾ ਰੁਖ਼ ਬਦਲਣ ਨਾਲ ਧੂੰਏਂ ਤੋਂ ਨਿਜਾਤ ਮਿਲੇਗੀ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਜੰਗਲੀ ਅੱਗ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਅਤੇ ਕਈ ਘਰਾਂ ਨੂੰ ਖਾਲੀ ਕਰਵਾਇਆ ਜਾ ਚੁੱਕਿਆ ਹੈ।