ਜੋਸ਼ੀਮੱਠ, 10 ਜਨਵਰੀ
ਉੱਤਰਾਖੰਡ ਸਰਕਾਰ ਵੱਲੋਂ ਜੋਸ਼ੀਮੱਠ ਵਿੱਚ ਜ਼ਮੀਨ ਧਸਣ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਦੋ ਹੋਟਲਾਂ ਨੂੰ ਢਾਹੁਣ ਦਾ ਹੋਟਲ ਮਾਲਕਾਂ ਨੇ ਵਿਰੋਧ ਕੀਤਾ ਹੈ। ਹੋਟਲ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਸੂਬਾ ਸਰਕਾਰ ਨੇ ਸੋਮਵਾਰ ਨੂੰ ‘ਮਾਊਂਟ ਵਿਊ’ ਅਤੇ ‘ਮਾਲਾਰੀ ਇਨ’ ਹੋਟਲਾਂ ਨੂੰ ਢਾਹੁਣ ਦਾ ਫ਼ੈਸਲਾ ਕੀਤਾ ਸੀ। ਇਨ੍ਹਾਂ ਹੋਟਲਾਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਖਬਾਰਾਂ ਰਾਹੀਂ ਇਸ ਬਾਰੇ ਪਤਾ ਲੱਗਿਆ ਹੈ ਅਤੇ ਮੰਗ ਕੀਤੀ ਕਿ ਫ਼ੈਸਲੇ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕਮੁਸ਼ਤ ਨਿਬੇੜਾ ਯੋਜਨਾ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਸੀ। ਉਧਰ, ਸੁਪਰੀਮ ਕੋਰਟ ਜੋਸ਼ੀਮੱਠ ਵਿੱਚ ਪੈਦਾ ਹੋਏ ਸੰਕਟ ਨੂੰ ਕੌਮੀ ਆਫ਼ਤ ਐਲਾਨਣ ਲਈ ਅਦਾਲਤ ਦੇ ਦਖਲ ਦੀ ਮੰਗ ਵਾਲੀ ਪਟੀਸ਼ਨ ’ਤੇ 16 ਜਨਵਰੀ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ।