ਜੋਧਪੁਰ/ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਨਗਰ ਜੋਧਪੁਰ ’ਚ ਈਦ ਤੋਂ ਕੁਝ ਘੰਟੇ ਪਹਿਲਾਂ ਫਿਰਕੂ ਤਣਾਅ ਪੈਦਾ ਹੋ ਗਿਆ। ਹਾਲਾਤ ਵਿਗੜਦੇ ਦੇਖ ਕੇ ਅਧਿਕਾਰੀਆਂ ਨੇ ਸ਼ਹਿਰ ਦੇ 10 ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਇਲਾਕਿਆਂ ’ਚ 4 ਮਈ ਦੀ ਅੱਧੀ ਰਾਤ ਤੱਕ ਲਈ ਕਰਫ਼ਿਊ ਲਗਾ ਦਿੱਤਾ ਹੈ। ਇਸ ਦੇ ਨਾਲ ਸ਼ਹਿਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਲਾਠੀਚਾਰਜ ਕਰਨਾ ਪਿਆ। ਪੁਲੀਸ ਨੇ ਦੰਗਿਆਂ ਦੇ ਮਾਮਲੇ ’ਚ 50 ਤੋਂ ਜ਼ਿਆਦਾ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨ ਵਿਅਕਤੀਆਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਜਦਕਿ 12 ਤੋਂ 15 ਵਿਅਕਤੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਰਾਜਸਥਾਨ ’ਚ ਇਕ ਮਹੀਨੇ ਦੇ ਅੰਦਰ ਫਿਰਕੂ ਹਿੰਸਾ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 2 ਅਪਰੈਲ ਨੂੰ ਕਰੌਲੀ ’ਚ ਹਿੰਸਾ ਹੋਈ ਸੀ।
ਸ਼ਹਿਰ ’ਚ ਸੋਮਵਾਰ ਅੱਧੀ ਰਾਤ ਦੇ ਕਰੀਬ ਤਣਾਅ ਉਸ ਸਮੇਂ ਵਧਿਆ ਜਦੋਂ ਜਲੌਰੀ ਗੇਟ ਸਰਕਲ ’ਤੇ ਇਕ ਬੁੱਤ ਉਪਰ ਇਸਲਾਮਿਕ ਝੰਡੇ ਲਗਾ ਦਿੱਤੇ ਗਏ ਸਨ। ਇਸ ਘਟਨਾ ਮਗਰੋਂ ਲੋਕਾਂ ਨੇ ਪਥਰਾਅ ਕੀਤਾ ਜਿਸ ’ਚ ਪੰਜ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਪੁਲੀਸ ਨੇ ਮੰਗਲਵਾਰ ਤੜਕੇ ਹਾਲਾਤ ਕਾਬੂ ਹੇਠ ਕਰ ਲਏ ਸਨ ਪਰ ਸਵੇਰੇ ਈਦਗਾਹ ’ਚ ਨਮਾਜ਼ ਮਗਰੋਂ ਮੁੜ ਤਣਾਅ ਵਧ ਗਿਆ। ਜਲੌਰੀ ਗੇਟ ਇਲਾਕੇ ਨੇੜੇ ਦੁਕਾਨਾਂ, ਵਾਹਨਾਂ ਅਤੇ ਘਰਾਂ ’ਤੇ ਪਥਰਾਅ ਕੀਤਾ ਗਿਆ। ਜ਼ਿਕਰਯੋਗ ਹੈ ਕਿ ਘੱਟ ਗਿਣਤੀ ਭਾਈਚਾਰੇ ਵੱਲੋਂ ਇਸਲਾਮਿਕ ਝੰਡੇ ਲਗਾਏ ਜਾ ਰਹੇ
ਸਨ ਅਤੇ ਇਸ ਦੌਰਾਨ ਉਨ੍ਹਾਂ ਚੌਰਾਹੇ ’ਚ ਸੁਤੰਤਰਤਾ ਸੰਗਰਾਮੀ ਬਾਲਮੁਕੰਦ ਬਿੱਸਾ ਦੇ ਬੁੱਤ ’ਤੇ ਵੀ ਝੰਡਾ ਲਗਾ ਦਿੱਤਾ। ਇਸ ਮਗਰੋਂ ਟਕਰਾਅ ਹੋ ਗਿਆ ਜਦੋਂ ਦੂਜੇ ਫਿਰਕੇ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪਰਸ਼ੂਰਾਮ ਜੈਅੰਤੀ ਮੌਕੇ ਉਨ੍ਹਾਂ ਬੁੱਤ ਉਪਰ ਭਗਵਾ ਝੰਡਾ ਲਗਾਇਆ ਸੀ ਜਿਸ ਨੂੰ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਮਗਰੋਂ ਦੋਵੇਂ ਪਾਸਿਆਂ ਤੋਂ ਪਥਰਾਅ ਅਤੇ ਝੜਪਾਂ ਹੋਈਆਂ। ਮੁੱਖ ਮੰਤਰੀ ਗਹਿਲੋਤ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਜੋਧਪੁਰ, ਮਾਰਵਾੜ ਦੀ ਪ੍ਰੇਮ ਅਤੇ ਭਾਈਚਾਰਕ ਸਾਂਝ ਦੀ ਰਵਾਇਤ ਨੂੰ ਕਾਇਮ ਰੱਖਣ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਵਰਕਰਾਂ ਨੂੰ ਇਲਾਕੇ ’ਚ ਸ਼ਾਂਤੀ ਕਾਇਮ ਰੱਖਣ ਲਈ ਆਖਣ। ਗਹਿਲੋਤ ਨੇ ਉੱਚ ਪੱਧਰੀ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ ਵੀ ਲਿਆ। ਉਨ੍ਹਾਂ ਦੋ ਮੰਤਰੀਆਂ ਰਾਜੇਂਦਰ ਯਾਦਵ ਅਤੇ ਸੁਭਾਸ਼ ਗਰਗ ਤੇ ਦੋ ਅਧਿਕਾਰੀਆਂ ਨੂੰ ਹੈਲੀਕਾਪਟਰ ਰਾਹੀਂ ਜੋਧਪੁਰ ਜਾਣ ਲਈ ਕਿਹਾ ਹੈ। ਦੂਜੇ ਪਾਸੇ ਭਾਜਪਾ ਨੇ ਅਮਨ-ਕਾਨੂੰਨ ਦੀ ਵਿਗੜ ਰਹੀ ਹਾਲਤ ’ਤੇ ਸੂਬਾ ਸਰਕਾਰ ਨੂੰ ਘੇਰਿਆ। ਭਾਜਪਾ ਵਿਧਾਇਕ ਸੂਰਿਆਕਾਂਤਾ ਵਿਆਸ ਨੇ ਸੁਤੰਤਰਤਾ ਸੰਗਰਾਮੀ ਦੇ ਬੁੱਤ ’ਤੇ ਇਸਲਾਮਿਕ ਝੰਡਾ ਲਗਾਉਣ ’ਤੇ ਇਤਰਾਜ਼ ਜਤਾਇਆ। ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਸ਼ਰਾਰਤੀ ਅਨਸਰਾਂ ਵੱਲੋਂ ਸੁਤੰਤਰਤਾ ਸੰਗਰਾਮੀ ਦੇ ਬੁੱਤ ’ਤੇ ਇਸਲਾਮਿਕ ਝੰਡਾ ਲਗਾਉਣ ਅਤੇ ਭਗਵਾ ਝੰਡਾ ਹਟਾਉਣ ਦੀ ਨਿਖੇਧੀ ਕੀਤੀ। ਉਂਜ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।