ਮੈਲਬਰਨ, 11 ਜਨਵਰੀ
ਸਰਬੀਆ ਤੇ ਨੋਵਾਕ ਜੋਕੋਵਿਚ ਨੇ ਕੌਮਾਂਤਰੀ ਟੈਨਿਸ ’ਚ ਜ਼ਬਰਦਸਤ ਵਾਪਸੀ ਦਾ ਸੰਕੇਤ ਦਿੰਦਿਆਂ ਬੁੱਧਵਾਰ ਨੂੰ ਇੱਥੇ ਕੂਯੌਂਗ ਕਲਾਸਿਕ ਟੈਨਿਸ ਟੂਰਨਾਮੈਂਟ ’ਚ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਡੌਮਿਨਿਕ ਥਿਏਮ ਨੂੰ ਇੱਕਪਾਸੜ ਮੁਕਾਬਲੇ ’ਚ ਹਰਾ ਦਿੱਤਾ। ਛੇ ਮਹੀਨੇ ਤੱਕ ਸੱਟ ਨਾਲ ਜੂਝਣ ਕਾਰਨ ਟੈਨਿਸ ਤੋਂ ਦੂਰ ਰਹੇ ਜੋਕੋਵਿਚ ਨੇ ਥਿਏਮ ਨੂੰ ਲਗਾਤਾਰ ਸੈੱਟਾਂ ’ਚ 6-1, 6-4 ਨਾਲ ਹਰਾਇਆ। ਛੇ ਵਾਰ ਦੇ ਆਸਟਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਬੀਤੇ ਹਫ਼ਤੇ ਅਬੂਧਾਬੀ ’ਚ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ, ਪਰ ਉਹ ਆਸਟਰੇਲਿਆਈ ਖਿਡਾਰੀ ਖ਼ਿਲਾਫ਼ ਹੱਥ ’ਚ ਸਲੀਵ ਪਹਿਨ ਕੇ ਕੋਰਟ ’ਤੇ ਉੱਤਰਿਆ। ਅਗਲੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਆਸਟਰੇਲੀਅਨ ਓਪਨ ਤੋਂ ਠੀਕ ਪਹਿਲਾਂ ਜੋਕੋਵਿਚ ਦੀ ਵਾਪਸੀ ਪ੍ਰਬੰਧਕਾਂ ਲਈ ਵੀ ਅਹਿਮ ਮੰਨੀ ਜਾ ਰਹੀ ਹੈ, ਜੋ ਐਂਡੀ ਮੱਰੇ, ਕੇਈ ਨਿਸ਼ੀਕੋਰੀ ਤੇ ਸੇਰੇਨਾ ਵਿਲੀਅਮਜ਼ ਵਰਗੇ ਵੱਡੇ ਖਿਡਾਰੀਆਂ ਤੇ ਹਟਣ ਨਾਲ ਪਹਿਲਾਂ ਹੀ ਨਿਰਾਸ਼ ਹਨ। ਜੋਕੋਵਿਚ ਨੇ ਥਿਏਮ ਖ਼ਿਲਾਫ਼ ਮੈਚ ’ਚ ਕਮਾਲ ਦੀ ਤੇਜ਼ੀ ਦਿਖਾਈ ਅਤੇ ਪਹਿਲੇ ਸੈੱਟ ’ਚ ਤਿੰਨ ਵਾਰ ਉਸ ਦੀ ਸਰਵਿਸ ਤੋੜ ਕੇ 21 ਮਿੰਟ ’ਚ ਜਿੱਤ ਦਰਜ ਕੀਤੀ। ਜੋਕੋਵਿਚ ਨੇ ਕਿਹਾ, ‘ਇਹ ਮੇਰੇ ਲਈ ਚੰਗੀ ਸ਼ੁਰੂਆਤ ਸੀ ਅਤੇ ਕੋਰਟ ’ਤੇ ਵਾਪਸੀ ਹਮੇਸ਼ਾ ਚੰਗਾ ਅਹਿਸਾਸ ਦਿੰਦੀ ਹੈ। ਮੈਂ ਤਾਂ ਕੋਰਟ ’ਤੇ ਅਤੇ ਬਾਹਰ ਹਸਦਾ ਹੀ ਜਾ ਰਿਹਾ ਸੀ। ਮੈਂ ਬਹੁਤ ਖੁਸ਼ ਹਾਂ।’ ਸਾਲ 2016 ਤੱਕ ਜੋਕੋਵਿਚ ਨੈ ਪਿਛਲੇ ਛੇ ਮੌਕਿਆਂ ’ਚੋਂ ਪੰਜ ਵਾਰ ਸਾਲ ਦਾ ਪਹਿਲਾ ਗਰੈਂਡ ਸਲੈਮ ਜਿੱਤਿਆ ਹੈ। ਉਸ ਨੇ ਥਿਏਮ ਖ਼ਿਲਾਫ਼ ਦੂਜੇ ਸੈੱਟ ’ਚ 5-4 ਦੇ ਸਕੋਰ ’ਤੇ ਵਿਰੋਧੀ ਖਿਡਾਰੀ ਦੀ ਸਰਵਿਸ ਤੋੜੀ ਅਤੇ 42 ਮਿੰਟ ’ਚ ਸੈੱਟ ਤੇ ਮੈਚ ਆਪਣੇ ਨਾਂ ਕਰ ਲਿਆ। 12 ਵਾਰ ਦਾ ਗਰੈਂਡ ਸਲੈਮ ਚੈਂਪੀਅਨ ਜੋਕੋਵਿਚ ਛੇ ਮਹੀਨੇ ਤੱਕ ਕੋਰਟ ਤੋਂ ਬਾਹਰ ਰਹਿਣ ਕਾਰਨ ਵਿਸ਼ਵ ’ਚ 14ਵੀਂ ਰੈਂਕਿੰਗ ’ਤੇ ਖਿਸਕ ਚੁੱਕਾ ਹੈ। ਇੱਥੇ ਇੱਕ ਵੱਖਰੇ ਮੈਚ ’ਚ ਸਾਬਕਾ ਗਰੈਂਡ ਸਲੈਮ ਚੈਂਪੀਅਨ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਆਸਟਰੇਲੀਆ ਦੇ ਮੈਥਿਵੂ ਐਬਦੇਨ ਨੇ 6-7, 6-4, 7-5 ਨਾਲ ਹਰਾਇਆ।