ਸਿਡਨੀ, ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਸਾਲ 2020 ਸੈਸ਼ਨ ਦੀ ਸ਼ੁਰੂਆਤ ਬ੍ਰਿਸਬਨ, ਰਾਫੇਲ ਨਡਾਲ ਪਰਥ, ਜਦਕਿ ਰੋਜਰ ਫੈਡਰਰ ਸਿਡਨੀ ਤੋਂ ਕਰਨਗੇ।
ਅੱਜ ਏਟੀਪੀ ਕੱਪ ਦੇ ਡਰਾਅ ਮਗਰੋਂ ਇਹ ਤੈਅ ਹੋਇਆ। ਏਟੀਪੀ ਕੱਪ ਨਵਾਂ ਵਿਸ਼ਵ ਟੈਨਿਸ ਟੀਮ ਟੂਰਨਾਮੈਂਟ ਹੈ। ਚੈਂਪੀਅਨਸ਼ਿਪ ਮੈਲਬਰਨ ਵਿੱਚ ਸਾਲ ਦੇ ਪਹਿਲੇ ਗਰੈਂਡ ਸਲੈਮ ਤੋਂ ਪਹਿਲਾਂ ਤਿੰਨ ਤੋਂ 12 ਜਨਵਰੀ ਤੱਕ ਕਰਵਾਈ ਜਾਵੇਗੀ। ਇਸ ਟੂਰਨਾਮੈਂਟ ਵਿੱਚ 24 ਦੇਸ਼ ਹਿੱਸਾ ਲੈਣਗੇ, ਜਿਨ੍ਹਾਂ ਨੂੰ ਛੇ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੈਚ ਸਿਡਨੀ, ਬ੍ਰਿਸਬਨ ਅਤੇ ਪਰਥ ਵਿੱਚ ਕਰਵਾਏ ਜਾਣਗੇ। ਹਰੇਕ ਟੀਮ ਵਿੱਚ ਪੰਜ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਰਾਊਂਡ ਰੌਬਿਨ ਗੇੜ ਮਗਰੋਂ ਟੀਮਾਂ ਨਾਕਆਊਟ ਵਿੱਚ ਥਾਂ ਬਣਾਉਣਗੀਆਂ।
ਚੋਟੀ ਦੇ 30 ਵਿੱਚ ਸ਼ਾਮਲ ਜ਼ਿਆਦਾਤਰ ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿੱਚ ਖੇਡਣ ਦੀ ਸੰਭਾਵਨਾ ਹੈ। ਹਰੇਕ ਮੁਕਾਬਲੇ ਵਿੱਚ ਦੋ ਸਿੰਗਲਜ਼ ਅਤੇ ਇੱਕ ਡਬਲਜ਼ ਮੈਚ ਹੋਵੇਗਾ। ਸਿਡਨੀ ਵਿੱਚ ਡਰਾਅ ਮਗਰੋਂ ਜੋਕੋਵਿਚ ਦੀ ਸਰਬਿਆਈ ਟੀਮ ਨੂੰ ਬ੍ਰਿਸਬਨ ਵਿੱਚ ਫਰਾਂਸ, ਦੱਖਣੀ ਅਫਰੀਕਾ, ਜਰਮਨੀ, ਯੂਨਾਨ, ਕੈਨੇਡਾ ਅਤੇ ਵਾਈਲਡ ਕਾਰਡ ਪ੍ਰਾਪਤ ਆਸਟਰੇਲੀਆ ਦਾ ਸਾਹਮਣਾ ਕਰਨਾ ਹੈ। ਨਡਾਲ ਦੀ ਸਪੇਨ ਦੀ ਟੀਮ ਨੂੰ ਪਰਥ ਵਿੱਚ ਜਾਪਾਨ, ਜਾਰਜੀਆ, ਰੂਸ, ਇਟਲੀ ਅਤੇ ਅਮਰੀਕਾ ਨਾਲ ਭਿੜਨਾ ਹੈ, ਜਦਕਿ ਫੈਡਰਰ ਦੀ ਸਵਿਟਜ਼ਰਲੈਂਡ ਦੀ ਟੀਮ ਸਿਡਨੀ ਵਿੱਚ ਬੈਲਜੀਅਮ, ਆਸਟਰੀਆ, ਕ੍ਰੋਏਸ਼ੀਆ, ਅਰਜਨਟੀਨਾ ਅਤੇ ਬਰਤਾਨੀਆ ਨਾਲ ਭਿੜੇਗੀ।