ਮੈਲਬਰਨ, 31 ਜਨਵਰੀ
ਨੋਵਾਕ ਜੋਕੋਵਿਚ ਨੇ ਆਪਣੇ ਵਿਰੋਧੀ ਰੋਜਰ ਫੈਡਰਰ ਦੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਅੱਜ ਰਿਕਾਰਡ ਅੱਠਵੀਂ ਵਾਰ ਆਸਟਰੇਲੀਅਨ ਓਪਨ ਫਾਈਨਲ ਵਿੱਚ ਥਾਂ ਬਣਾਈ। ਹੁਣ ਉਸ ਨੂੰ 17ਵਾਂ ਗਰੈਂਡ ਸਲੈਮ ਆਪਣੇ ਨਾਮ ਕਰਨ ਲਈ ਸਿਰਫ਼ ਇੱਕ ਜਿੱਤ ਦੀ ਲੋੜ ਹੈ। ਫੈਡਰਰ ਹਾਲਾਂਕਿ ਆਖ਼ਰੀ ਚਾਰ ਵਿੱਚ ਉਤਰਨ ਤੋਂ ਪਹਿਲਾਂ ਜ਼ਖ਼ਮੀ ਸੀ। ਉਸ ਨੇ ਜੋਕੋਵਿਚ ਨੂੰ ਵਾਕਓਵਰ ਦੇਣ ਦੀ ਥਾਂ ਖੇਡਣ ਨੂੰ ਤਰਜੀਹ ਦਿੱਤੀ।
ਟੈਨਿਸ ਦੇ ਦੋਵਾਂ ਚੋਟੀ ਦੇ ਖਿਡਾਰੀਆਂ ਵਿਚਾਲੇ ਇਹ 50ਵਾਂ ਮੁਕਾਬਲਾ ਸੀ, ਜਿਸ ਵਿੱਚ ਸਰਬੀਆ ਦੇ ਜੋਕੋਵਿਚ ਨੇ ਸ਼ੁਰੂ ਵਿੱਚ ਢਿੱਲ ਵਰਤੀ। ਹਾਲਾਂਕਿ ਛੇਤੀ ਹੀ ਉਸ ਨੇ ਦਬਦਬਾ ਬਣਾ ਲਿਆ ਅਤੇ ਸਵਿਟਜ਼ਰਲੈਂਡ ਦੇ ਸਟਾਰ ਨੂੰ 7-6 (7/1), 6-4, 6-3 ਨਾਲ ਹਰਾਇਆ। ਜੋਕੋਵਿਚ ਫਾਈਨਲ ਵਿੱਚ ਪੰਜਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਮ ਜਾਂ ਸੱਤਵੀਂ ਰੈਂਕਿੰਗ ਦੇ ਜਰਮਨ ਖਿਡਾਰੀ ਅਲੈਗਜ਼ੈਂਡਰ ਜ਼ੈਰੇਵ ਨਾਲ ਭਿੜੇਗਾ। ਫਾਈਨਲ ਵਿੱਚ ਰਿਕਾਰਡ ਹਮੇਸ਼ਾ ਜੋਕੋਵਿਚ ਦੇ ਪੱਖ ਵਿੱਚ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਇੱਥੇ ਸੱਤ ਵਾਰ ਫਾਈਨਲ ਵਿੱਚ ਜਿੱਤ ਦਰਜ ਕੀਤੀ ਹੈ। ਏਹੀ ਨਹੀਂ ਜੇਕਰ ਸਰਬਿਆਈ ਦਾ ਇਹ ਸਟਾਰ ਐਤਵਾਰ ਨੂੰ ਜਿੱਤ ਦਰਜ ਕਰ ਲੈਂਦਾ ਹੈ ਤਾਂ ਉਹ ਫਿਰ ਤੋਂ ਦੁਨੀਆਂ ਦਾ ਨੰਬਰ ਇੱਕ ਖਿਡਾਰੀ ਬਣ ਜਾਵੇਗਾ ਕਿਉਂਕਿ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕਿਆ। ਮੈਲਬਰਨ ਵਿੱਚ ਇਹ ਚੌਥਾ ਮੌਕਾ ਹੈ, ਜਦੋਂਕਿ ਜੋਕੋਵਿਚ ਨੇ ਸੈਮੀਫਾਈਨਲ ਵਿੱਚ ਫੈਡਰਰ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ 2008, 2011 ਅਤੇ 2016 ਵਿੱਚ ਵੀ ਫੈਡਰਰ ਦਾ ਸਫ਼ਰ ਸੈਮੀਫਾਈਨਲ ਵਿੱਚ ਖ਼ਤਮ ਕੀਤਾ ਸੀ।
ਇੱਥੇ ਸਾਲ 2018 ਵਿੱਚ ਖ਼ਿਤਾਬ ਜਿੱਤਣ ਵਾਲਾ ਫੈਡਰਰ ਗਰੋਇਨ ਦੀ ਸੱਟ ਦੇ ਬਾਵਜੂਦ ਕੋਰਟ ’ਤੇ ਉਤਰਿਆ। ਉਹ ਟੈਨਿਸ ਸੈਂਡਗ੍ਰੇਨ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੇ ਮੈਚ ਤੋਂ ਪਹਿਲਾਂ ਆਪਣੇ ਸੱਜੇ ਪੈਰ ਦੇ ਉਪਰਲੇ ਹਿੱਸੇ ’ਤੇ ਪੱਟੀ ਬੰਨ੍ਹੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਮੈਚ ਤੋਂ ਹਟ ਸਕਦਾ ਹੈ। ਪਰ ਇਹ 38 ਸਾਲਾ ਖਿਡਾਰੀ ਦੇ ਸੁਭਾਅ ਦਾ ਹਿੱਸਾ ਨਹੀਂ ਹੈ।