ਜਕਾਰਤਾ, 7 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਥੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਮੁਲਾਕਾਤ ਕਰਕੇ ਭਾਰਤ ’ਚ ਹੋਣ ਜਾ ਰਹੇ ਜੀ-20 ਸੰਮੇਲਨ ਦੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਦੁਵੱਲੇ ਅਤੇ ਬਹੁਪਰਤੀ ਸਹਿਯੋਗ ਬਾਰੇ ਵੀ ਚਰਚਾ ਕੀਤੀ। ਜੈਸ਼ੰਕਰ ਨੇ ਆਪਣੀ ਇੰਡੋਨੇਸ਼ਿਆਈ ਹਮਰੁਤਬਾ ਰੇਟਨੋ ਮਾਰਸੂਦੀ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਪਾ ਕੇ ਕਿਹਾ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨਾਲ ਜਕਾਰਤਾ ’ਚ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਿਆ। ‘ਅਸੀਂ ਦੁਵੱਲੇ ਅਤੇ ਬਹੁਪਰਤੀ ਸਹਿਯੋਗ ਬਾਰੇ ਅਰਥ ਭਰਪੂਰ ਗੱਲਬਾਤ ਕੀਤੀ। ਅਸੀਂ ਈਸਟ ਏਸ਼ੀਆ ਸਿਖਰ ਸਮੇਲਨ ਅਤੇ ਜੀ-20 ਦੇ ਮੁੱਦਿਆਂ ਬਾਰੇ ਵੀ ਵਿਚਾਰਾਂ ਕੀਤੀਆਂ।’ ਦੋਵੇਂ ਆਗੂਆਂ ਨੇ ਅਗਸਤ ਦੇ ਅਖੀਰ ’ਚ ਜੋਹੈੱਨਸਬਰਗ ’ਚ ਬਰਿਕਸ ਸੰਮੇਲਨ ਦੌਰਾਨ ਆਲਮੀ ਘਟਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ। ਲੈਵਰੋਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਥਾਂ ’ਤੇ ਭਾਰਤ ’ਚ ਹੋਣ ਵਾਲੇ ਜੀ-20 ਸਿਖਰਲ ਸੰਮੇਲਨ ’ਚ ਹਾਜ਼ਰੀ ਭਰਨਗੇ। ਆਸੀਆਨ ਸਿਖਰ ਸੰਮੇਲਨ ਨਾਲ ਸਬੰਧਤ ਮੀਟਿੰਗਾਂ ’ਚ ਹਾਜ਼ਰੀ ਭਰਨ ਲਈ ਜੈਸ਼ੰਕਰ ਅੱਜ ਇਥੇ ਪੁੱਜੇ ਅਤੇ ਉਨ੍ਹਾਂ ਆਪਣੀ ਇੰਡੋਨੇਸ਼ਿਆਈ ਹਮਰੁਤਬਾ ਰੇਟਨੋ ਮਾਰਸੂਦੀ ਨਾਲ ਮੁਲਾਕਾਤ ਕੀਤੀ।