ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ’ਤੇ ਭਾਰਤ ’ਤੇ 50 ਫੀਸਦੀ ਟੈਰਿਫ ਲਗਾਇਆ ਹੈ। ਇਸ ’ਤੇ ਮਾਸਕੋ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਖਤ ਰੁੱਖ ਅਖਤਿਆਰ ਕੀਤਾ।
ਉਨ੍ਹਾਂ ਕਿਹਾ ਕਿ ਜੇ ਰੂਸੀ ਤੇਲ ਖਰੀਦਣ ਲਈ ਭਾਰਤ ਨੂੰ ਟੈਰਿਫ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਚੀਨ ’ਤੇ ਇਹ ਨਿਯਮ ਕਿਉਂ ਨਹੀਂ ਲਾਗੂ ਹੁੰਦੇ, ਜੋ ਰੂਸ ਤੋਂ ਸਭ ਤੋਂ ਵੱਧ ਤੇਲ ਖਰੀਦਦਾ ਹੈ? “ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ, ਜਦਕਿ ਚੀਨ ਲਈ ਕੋਈ ਪਾਬੰਦੀ ਨਹੀਂ,” ਜੈਸ਼ੰਕਰ ਨੇ ਜੋੜਿਆ।
ਉਨ੍ਹਾਂ ਨੇ ਯੂਰਪ ਅਤੇ ਅਮਰੀਕਾ ’ਤੇ ਵੀ ਸਵਾਲ ਚੁੱਕੇ “ਜੇ ਤੁਹਾਨੂੰ ਰੂਸੀ ਤੇਲ ਨਾਲ ਸਮੱਸਿਆ ਹੈ, ਤਾਂ ਨਾ ਖਰੀਦੋ। ਪਰ ਯੂਰਪ ਅਤੇ ਅਮਰੀਕਾ ਖੁਦ ਵੀ ਖਰੀਦ ਰਹੇ ਹਨ। ਫਿਰ ਭਾਰਤ ’ਤੇ ਇਤਰਾਜ਼ ਕਿਉਂ?”
ਟਰੰਪ ਦੇ ਸੀਜ਼ਫਾਇਰ ਦਾਅਵੇ ’ਤੇ ਜਵਾਬ
ਟਰੰਪ ਦੇ ਇਸ ਦਾਅਵੇ ’ਤੇ ਕਿ ਉਹ ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾ ਸਕਦੇ ਹਨ, ਜੈਸ਼ੰਕਰ ਨੇ ਸਾਫ਼ ਕਿਹਾ ਕਿ ਭਾਰਤ ਨੇ ਕਦੇ ਕਿਸੇ ਦੀ ਵਿਚੋਲਗੀ ਸਵੀਕਾਰ ਨਹੀਂ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਪਾਕਿਸਤਾਨ ਨਾਲ ਸਬੰਧਾਂ ’ਚ ਗੱਲਬਾਤ, ਵਪਾਰ ਅਤੇ ਰਣਨੀਤਕ ਸੁਤੰਤਰਤਾ ਭਾਰਤ ਦੀਆਂ “ਰੈਡ ਲਾਈਨਾਂ” ਹਨ।
ਉਨ੍ਹਾਂ ਕਿਹਾ 1970 ਤੋਂ ਅੱਜ ਤੱਕ ਭਾਰਤ-ਪਾਕਿਸਤਾਨ ਮੁੱਦਿਆਂ ’ਤੇ ਕਦੇ ਵੀ ਬਾਹਰੀ ਦਖ਼ਲ ਨਹੀਂ ਮੰਨੀ ਗਈ। ਇਹ ਨੀਤੀ ਅੱਗੇ ਵੀ ਜਾਰੀ ਰਹੇਗੀ।’
ਟਰੰਪ ਦੀ ਵਿਦੇਸ਼ ਨੀਤੀ ’ਤੇ ਤਿੱਖੀ ਟਿੱਪਣੀ
ਜੈਸ਼ੰਕਰ ਨੇ ਟਰੰਪ ਦੇ ਅੰਦਾਜ਼ ’ਤੇ ਟਿੱਪਣੀ ਕਰਦਿਆਂ ਕਿਹਾ, “ਅਸੀਂ ਪਹਿਲਾਂ ਕਦੇ ਅਜਿਹਾ ਅਮਰੀਕੀ ਰਾਸ਼ਟਰਪਤੀ ਨਹੀਂ ਵੇਖਿਆ, ਜਿਸ ਨੇ ਵਿਦੇਸ਼ ਨੀਤੀ ਨੂੰ ਟਰੰਪ ਵਾਂਗ ਜਨਤਕ ਤਰੀਕੇ ਨਾਲ ਚਲਾਇਆ ਹੋਵੇ।”
ਉਨ੍ਹਾਂ ਕਿਹਾ ਕਿ ਵਪਾਰ ਲਈ ਟੈਰਿਫ ਲਗਾਉਣਾ ਸਮਝ ਆਉਂਦੀ ਗੱਲ ਹੈ, ਪਰ ਗੈਰ-ਵਪਾਰਕ ਮੁੱਦਿਆਂ ’ਤੇ ਟੈਰਿਫ ਲਗਾਉਣਾ ਠੀਕ ਨਹੀਂ।
ਭਾਰਤ-ਚੀਨ ਸਬੰਧਾਂ ’ਤੇ ਬਿਆਨ
ਵਿਦੇਸ਼ ਮੰਤਰੀ ਨੇ ਕਿਹਾ, “ਚੀਨ ਨਾਲ ਸਾਡੀਆਂ ਕੁਝ ਸਮੱਸਿਆਵਾਂ 1950 ਦੇ ਦਹਾਕੇ ਤੋਂ ਚੱਲੀਆਂ ਆ ਰਹੀਆਂ ਹਨ, ਜਿਵੇਂ ਸਰਹੱਦੀ ਵਿਵਾਦ, ਜੋ ਅੱਜ ਵੀ ਬਹੁਤ ਅਹਿਮ ਹੈ। ਚੀਨ ਨਾਲ ਗੱਲਬਾਤ ਲਈ ਸਰਹੱਦੀ ਖੇਤਰਾਂ ’ਚ ਸ਼ਾਂਤੀ ਬਣਾਈ ਰੱਖਣਾ ਪਹਿਲੀ ਸ਼ਰਤ ਹੈ। ਮੈਂ 2009-2013 ਦਰਮਿਆਨ ਚੀਨ ’ਚ ਭਾਰਤ ਦਾ ਰਾਜਦੂਤ ਸੀ ਅਤੇ ਮੈਂ ਦੱਸ ਸਕਦਾ ਹਾਂ ਕਿ ਨਵੀਂ ਦਿੱਲੀ ਅਤੇ ਬੀਜਿੰਗ ਵਿਚਾਲੇ ਵਧਦਾ ਵਪਾਰਕ ਘਾਟਾ ਉਸ ਸਮੇਂ ਵਧਦੀ ਚਿੰਤਾ ਦਾ ਵਿਸ਼ਾ ਸੀ। ਗਲਵਾਨ ਸੰਘਰਸ਼ ਇੱਕ ਮੁਸ਼ਕਲ ਦੌਰ ਸੀ।”