ਅਬੂਧਾਬੀ, 14 ਦਸੰਬਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਯੂਏਈ ਵਿਚ ਆਪਣੇ ਹਮਰੁਤਬਾ ਸ਼ੇਖ ਅਬਦੁੱਲ੍ਹਾ ਬਿਨ ਜ਼ਾਇਦ ਅਲ ਨਾਹਯਨ ਨਾਲ ਮੁਲਾਕਾਤ ਕੀਤੀ। ਇਕ ਟਵੀਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਗੱਲਬਾਤ ਜਾਰੀ ਹੈ ਤੇ ਇਸ ਨਾਲ ਦੁਵੱਲੇ ਰਿਸ਼ਤੇ ਮਜ਼ਬੂਤ ਹੋਣਗੇ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੈਸ਼ੰਕਰ ਨੇ ਰਿਸ਼ਤੇ ਮਜ਼ਬੂਤ ਕਰਨ ਤੇ ਵਿਆਪਕ ਰਣਨੀਤਕ ਭਾਈਵਾਲੀ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕੀਤੀ ਹੈ। ਮੀਟਿੰਗ ਵਿਚ ਦੋਵਾਂ ਮੰਤਰੀਆਂ ਨੇ ਸਿਹਤ, ਤਕਨੀਕ, ਆਰਥਿਕਤਾ ਤੇ ਵਪਾਰ ਜਿਹੇ ਵੱਖ-ਵੱਖ ਖੇਤਰਾਂ ’ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਜੀ20 ਦੀ ਪ੍ਰਧਾਨਗੀ ਦੌਰਾਨ ਭਾਰਤ ਦੇ ਨਜ਼ਰੀਏ ਉਤੇ ਵੀ ਵਿਚਾਰ-ਚਰਚਾ ਕੀਤੀ। ਸ਼ੇਖ ਅਬਦੁੱਲ੍ਹਾ ਨੇ ਭਾਰਤ ਨੂੰ ਪੂਰੀ ਹਮਾਇਤ ਦਾ ਭਰੋਸਾ ਦਿਵਾਇਆ। ਦੋਵਾਂ ਆਗੂਆਂ ਨੇ ਟਿਕਾਊ ਵਿਕਾਸ ਦੇ ਟੀਚਿਆਂ ਉਤੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਰਿਕਸ ਤੇ ਐੱਸਸੀਓ ਜਿਹੇ ਸੰਗਠਨਾਂ ਰਾਹੀਂ ਸਹਿਯੋਗ ਵਧਾਉਣ ਉਤੇ ਵੀ ਚਰਚਾ ਹੋਈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦੀ ਅਗਵਾਈ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਨਿਊ ਯਾਰਕ ਪਹੁੰਚ ਗਏ ਹਨ। ਇਹ ਸਮਾਗਮ ਭਲਕੇ ਤੇ ਵੀਰਵਾਰ ਨੂੰ ਹੋਣਗੇ ਜਿਨ੍ਹਾਂ ਵਿਚ ਅਤਿਵਾਦ ਸਣੇ ਕਈ ਮੁੱਦੇ ਵਿਚਾਰੇ ਜਾਣਗੇ।