ਕੰਪਾਲਾ, 13 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਨਵੇਂ ਮੌਕੇ ਪੈਦਾ ਕਰ ਸਕਦੀ ਹੈ ਜਿਸ ਨਾਲ ਯੁਗਾਂਡਾ ਨੂੰ ਲਾਭ ਹੋ ਸਕਦਾ ਹੈ। ਇੱਥੇ ਅੱਜ ਭਾਰਤੀ ਕਾਰੋਬਾਰੀ ਭਾਈਚਾਰੇ ਨਾਲ ਮੁਲਾਕਾਤ ਕਰਦਿਆਂ ਜੈਸ਼ੰਕਰ ਨੇ ਉਨ੍ਹਾਂ ਨੂੰ ਵਿਕਾਸ ਤੇ ਵਾਧੇ ਲਈ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਜੈਸ਼ੰਕਰ 10-15 ਅਪਰੈਲ ਤੱਕ ਯੁਗਾਂਡਾ ਤੇ ਮੋਜ਼ਮਬੀਕ ਦੇ ਦੌਰੇ ਉਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਤਜਰਬਾ ਯੁਗਾਂਡਾ ਦੇ ਵਿਕਾਸ ’ਚ ਸਹਾਈ ਹੋ ਸਕਦਾ ਹੈ। ਜੈਸ਼ੰਕਰ ਨੇ ਯੂਕਰੇਨ ਜੰਗ ਕਾਰਨ ਭਾਰਤ ਨੂੰ ਆਈਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦ ਸਾਲ ਪਹਿਲਾਂ ਯੂਕਰੇਨ ਜੰਗ ਸ਼ੁਰੂ ਹੋਈ ਸੀ, ਤਾਂ ਸਭ ਤੋਂ ਪਹਿਲਾਂ ਤੇਲ ਕੀਮਤਾਂ ਵਧੀਆਂ। ਉਸ ਤੋਂ ਜਲਦੀ ਬਾਅਦ ਕਣਕ ਦੀ ਕੀਮਤ ਵਧੀ। ਇਸ ਦਾ ਮੁੱਖ ਕਾਰਨ ਯੂਕਰੇਨ ਤੋਂ ਕਣਕ ਦੀ ਬਰਾਮਦ ਰੁਕਣਾ ਸੀ ਜੋ ਕਿ ਇਸ ਫ਼ਸਲ ਦਾ ਵੱਡਾ ਬਰਾਮਦਕਾਰ ਹੈ। ਉਨ੍ਹਾਂ ਕਿਹਾ ਕਿ ਜੋ ਗੱਲ ਸਾਰਿਆਂ ਦੇ ਬਹੁਤ ਘੱਟ ਧਿਆਨ ਵਿਚ ਆਈ, ਉਹ ਭਾਰਤ ਵਿਚ ਖਾਣਯੋਗ ਤੇਲਾਂ ਦੀ ਮੁਸ਼ਕਲ ਆਉਣਾ ਸੀ। ਭਾਰਤ ਯੂਕਰੇਨ ਤੋਂ ਸੂਰਜਮੁਖੀ ਦਾ ਤੇਲ ਮੰਗਵਾਉਂਦਾ ਹੈ, ਜਿਸ ਕਾਰਨ ਕੋਈ ਹੋਰ ਬਦਲ ਲੱਭਣ ਦਾ ਦਬਾਅ ਸੀ। ਇਸ ਲਈ ਭਾਰਤੀ ਦਰਾਮਦਕਾਰ ਰਵਾਇਤੀ ਸਰੋਤਾਂ ਨੂੰ ਛੱਡ ਆਸੀਆਨ ਮੁਲਕਾਂ ਵੱਲ ਮੁੜੇ। ਇਹ ਤਲਾਸ਼ ਬਾਅਦ ਵਿਚ ਉਨ੍ਹਾਂ ਨੂੰ ਲਾਤੀਨੀ ਅਮਰੀਕੀ ਮੁਲਕਾਂ ਵੱਲ ਲੈ ਗਈ। ਉਨ੍ਹਾਂ ਕਿਹਾ ਕਿ ਜੇ ਅੱਜ ਭਾਰਤ ਦਾ ਲਾਤੀਨੀ ਅਮਰੀਕੀ ਮੁਲਕਾਂ ਨਾਲ ਵਪਾਰ ਵਧਿਆ ਹੈ, ਤਾਂ ਇਸ ਵਿਚ ਵੱਡਾ ਹਿੱਸਾ ਈਂਧਨ ਤੇਲ ਦਾ ਹੈ, ਪਰ ਇਸ ਤੋਂ ਵੱਡਾ ਹਿੱਸਾ ਖਾਣ ਵਾਲੇ ਤੇਲਾਂ ਦਾ ਹੈ। ਭਾਰਤ ਇੰਡੋਨੇਸ਼ੀਆ ਤੇ ਮਲੇਸ਼ੀਆ ਤੋਂ ਪਾਮ ਦਾ ਤੇਲ ਜਦਕਿ ਬ੍ਰਾਜ਼ੀਲ ਤੇ ਅਰਜਨਟੀਨਾ ਤੋਂ ਸੋਇਆਬੀਨ ਦਾ ਤੇਲ ਵੱਡੀ ਮਿਕਦਾਰ ਵਿਚ ਮੰਗਵਾ ਰਿਹਾ ਹੈ।