ਯੇਰੂਸ਼ਲਮ/ਵਾਸ਼ਿੰਗਟਨ, 19 ਅਕਤੂਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ, ਇਜ਼ਰਾਈਲ ਤੇ ਯੂਏਈ ਦੇ ਵਿਦੇਸ਼ ਮੰਤਰੀਆਂ ਨਾਲ ਬੈਠਕ ਕੀਤੀ ਹੈ। ਇਸ ਦੌਰਾਨ ਇਨ੍ਹਾਂ ਆਗੂਆਂ ਨੇ ਪੱਛਮੀ ਏਸ਼ੀਆ ਤੇ ਏਸ਼ੀਆ ਵਿਚ ਵਪਾਰ ਤੇ ਸਮੁੰਦਰੀ ਸੁਰੱਖਿਆ ਵਧਾਉਣ ਸਣੇ ਆਰਥਿਕ ਤੇ ਸਿਆਸੀ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਚਰਚਾ ਕੀਤੀ। ਜੈਸ਼ੰਕਰ ਇਜ਼ਰਾਈਲ ਦੇ ਪੰਜ ਦਿਨਾ ਦੌਰੇ ਉਤੇ ਹਨ। ਸੋਮਵਾਰ ਹੋਈ ਬੈਠਕ ਵਿਚ ਜੈਸ਼ੰਕਰ, ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੈਰ ਲੈਪਿਡ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਯੂਏਈ ਦੇ ਵਿਦੇਸ਼ ਮੰਤਰੀ ਸ਼ੇਖ਼ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਸ਼ਾਮਲ ਹੋਏ। ਜੈਸ਼ੰਕਰ ਨੇ ਟਵੀਟ ਕੀਤਾ ‘ਆਰਥਿਕ ਵਿਕਾਸ ਤੇ ਆਲਮੀ ਮੁੱਦਿਆਂ ਉਤੇ ਮਿਲ ਕੇ ਕੰਮ ਕਰਨ ਬਾਰੇ ਚਰਚਾ ਹੋਈ। ਜਲਦੀ ਕਦਮ ਚੁੱਕਣ ਉਤੇ ਸਹਿਮਤੀ ਬਣੀ।’ ਜੈਸ਼ੰਕਰ ਨੇ ਇਕ ਸੰਖੇਪ ਟਿੱਪਣੀ ਵਿਚ ਬਲਿੰਕਨ ਦੀ ਇਸ ਗੱਲ ਨਾਲ ਸਹਿਮਤੀ ਜ਼ਾਹਿਰ ਕੀਤੀ ਕਿ ਇਸ ਤਰ੍ਹਾਂ ਦਾ ਇਕ ਮੰਚ ਤਿੰਨ ਵੱਖ-ਵੱਖ ਮੰਚਾਂ ਨਾਲੋਂ ਬਿਹਤਰ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਾਡੇ ਸਮਿਆਂ ਦੇ ਸਭ ਤੋਂ ਵੱਡੇ ਮੁੱਦਿਆਂ ਬਾਰੇ ਸਾਡੀ ਸਾਰਿਆਂ ਦੀ ਇਕੋ ਜਿਹੀ ਸੋਚ ਹੈ ਤੇ ਇਹ ਕਾਫ਼ੀ ਮਦਦਗਾਰ ਹੋਵੇਗਾ ਜੇ ਅਸੀਂ ਕੰਮ ਕਰਨ ਲਈ ਕੁਝ ਵਿਹਾਰਕ ਚੀਜ਼ਾਂ ਉਤੇ ਸਹਿਮਤ ਹੋ ਸਕੀਏ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਇਕ ਬਿਆਨ ਵਿਚ ਦੱਸਿਆ ਕਿ ਬਲਿੰਕਨ ਨੇ ਤਿੰਨਾਂ ਮੰਤਰੀਆਂ ਨਾਲ ਵਪਾਰ, ਜਲਵਾਯੂ ਤਬਦੀਲੀ ਨਾਲ ਨਜਿੱਠਣ, ਊਰਜਾ ਸਹਿਯੋਗ ਤੇ ਸਮੁੰਦਰੀ ਸੁਰੱਖਿਆ ਵਧਾਉਣ ਦੇ ਜ਼ਰੀਏ ਪੱਛਮੀ ਏਸ਼ੀਆ ਤੇ ਏਸ਼ੀਆ ਵਿਚ ‘ਆਰਥਿਕ ਤੇ ਸਿਆਸੀ ਸਹਿਯੋਗ ਵਧਾਉਣ ਉਤੇ ਚਰਚਾ ਕੀਤੀ।’ ਉਨ੍ਹਾਂ ਕਿਹਾ ਕਿ ਮੰਤਰੀਆਂ ਨੇ ਤਕਨੀਕ ਤੇ ਵਿਗਿਆਨ ਦੇ ਖੇਤਰ ਵਿਚ ਆਪਸੀ ਰਿਸ਼ਤੇ ਮਜ਼ਬੂਤ ਕਰਨ ਤੇ ਕੋਵਿਡ ਮਹਾਮਾਰੀ ਦੀ ਮਾਰ ਦੌਰਾਨ ਵਿਸ਼ਵ ਪੱਧਰ ਉਤੇ ਤਾਲਮੇਲ ਕਿਵੇਂ ਕੀਤਾ ਜਾਵੇ, ਇਸ ਉਤੇ ਵੀ ਚਰਚਾ ਕੀਤੀ। ਬਲਿੰਕਨ ਨੇ ਇਕ ਬਿਆਨ ਵਿਚ ਇਜ਼ਰਾਈਲ, ਯੂਏਈ ਤੇ ਭਾਰਤ ਨੂੰ ਆਪਣੇ ਤਿੰਨ ਵੱਡੇ ‘ਰਣਨੀਤਕ ਭਾਈਵਾਲ’ ਕਰਾਰ ਦਿੱਤਾ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਭਾਰਤ, ਇਜ਼ਰਾਈਲ, ਅਮਰੀਕਾ ਤੇ ਯੂਏਈ ਇਕ ਸਾਂਝਾ ਆਰਥਿਕ ਮੰਚ ਕਾਇਮ ਕਰਨਗੇ।