ਵਾਸ਼ਿੰਗਟਨ, 28 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਕੋਲ ਭਾਰਤ ਤੋਂ ਅਮਰੀਕੀ ਵੀਜ਼ਾ ਅਰਜ਼ੀਆਂ ਦੇ ਕਾਫੀ ਗਿਣਤੀ ਵਿੱਚ ਪੈਂਡਿੰਗ ਹੋਣ ਦਾ ਮੁੱਦਾ ਉਠਾਇਆ ਹੈ। ਇਸ ’ਤੇ ਅਮਰੀਕਾ ਦੇ ਚੋਟੀ ਦੇ ਰਾਜਦੂਤ ਨੇ ਕਿਹਾ ਕਿ ਉਹ ਇਸ ਮਾਮਲੇ ਪ੍ਰਤੀ ਸੰਵੇਦਨਸ਼ੀਲ ਹਨ ਅਤੇ ਇਸ ਨੂੰ ਸੁਲਝਾਉਣ ਲਈ ਉਨ੍ਹਾਂ ਕੋਲ ਯੋਜਨਾ ਹੈ। ਬਲਿੰਕਨ ਨੇ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਪੈਂਡਿੰਗ ਹੋਣ ਲਈ ਕੋਵਿਡ-19 ਮਹਾਮਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਅਮਰੀਕਾ ਵੱਲੋਂ ਮਾਰਚ 2020 ਵਿੱਚ ਮਹਾਮਾਰੀ ਕਰ ਕੇ ਦੁਨੀਆਂ ਭਰ ਵਿੱਚ ਲਗਪਗ ਸਾਰੀਆਂ ਵੀਜ਼ਾ ਅਰਜ਼ੀਆਂ ਦੇ ਅੱਗੇ ਵਧਣ ਦੀ ਪ੍ਰਕਿਰਿਆ ਰੋਕੇ ਜਾਣ ਤੋਂ ਬਾਅਦ ਅਮਰੀਕੀ ਵੀਜ਼ਾ ਸੇਵਾਵਾਂ ਹੁਣ ਪੈਂਡਿੰਗ ਅਰਜ਼ੀਆਂ ਦੇ ਨਿਬੇੜੇ ਦੀ ਕੋਸ਼ਿਸ਼ ਕਰ ਰਹੀਆਂ ਹਨ।
ਦੋਹਾਂ ਵਿਦੇਸ਼ ਮੰਤਰੀਆਂ ਵਿਚਾਲੇ ਇੱਥੇ ਕਰੀਬ ਇਕ ਘੰਟੇ ਤੱਕ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਰਤਾਲੇ ਦੇ ‘ਫੌਗੀ ਬੌਟਮ’ ਹੈੱਡਕੁਆਰਟਰ ਵਿੱਚ ਇੱਥੇ ਬਲਿੰਕਨ ਨਾਲ ਕੀਤੀ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਜੈਸ਼ੰਕਰ ਨੇ ਕਿਹਾ, ‘‘ਪ੍ਰਤਿਭਾ ਦੇ ਵਿਕਾਸ ਅਤੇ ਆਵਾਜਾਈ ਨੂੰ ਆਸਾਨ ਬਣਾਉਣਾ ਵੀ ਸਾਡੇ ਦੋਹਾਂ ਦੇ ਹਿੱਤ ਵਿੱਚ ਹੈ। ਅਸੀਂ ਇਸ ਗੱਲ ’ਤੇ ਸਹਿਮਤ ਹੋਏ ਹਾਂ ਕਿ ਇਸ ਵਿਚਾਲੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।’’ ਇਸ ਦੌਰਾਨ ਹਾਲਾਂਕਿ ਜੈਸ਼ੰਕਰ ਨੇ ਖਾਸ ਤੌਰ ’ਤੇ ਐੱਚ-1ਬੀ ਵੀਜ਼ਾ ਦਾ ਜ਼ਿਕਰ ਨਹੀਂ ਕੀਤਾ।