ਲੰਡਨ, 13 ਨਵੰਬਰ
ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਰਾਫੇਲ ਨਡਾਲ ਨੂੰ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਅਲੈਗਜ਼ੈਂਡਰ ਜੈਵੇਰੇਵ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਸਟੈਫਨੋਸ ਸਿਟਸਿਪਾਸ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਆਪਣੇ ਕਰੀਅਰ ਵਿੱਚ ਹੁਣ ਤੱਕ ਇਸ ਟੂਰਨਾਮੈਂਟ ਨੂੰ ਜਿੱਤਣ ਵਿੱਚ ਅਸਫਲ ਰਿਹਾ ਨਡਾਲ ਸੱਟ ਤੋਂ ਉਭਰਨ ਮਗਰੋਂ ਇੱਥੇ ਕੋਰਟ ’ਤੇ ਉਤਰਿਆ, ਪਰ ਜੈਵੇਰੇਵ ਨੇ ਸੋਮਵਾਰ ਨੂੰ ਖੇਡੇ ਗਏ ਮੈਚ ਵਿੱਚ ਉਸ ਨੂੰ 6-2, 6-4 ਨਾਲ ਕਰਾਰੀ ਹਾਰ ਦਿੱਤੀ।
ਆਂਦਰੇ ਅਗਾਸੀ ਗਰੁੱਪ ਵਿੱਚ ਹੀ ਇਸ ਤੋਂ ਪਹਿਲਾਂ ਖੇਡੇ ਗਏ ਰਾਊਂਡ ਰੌਬਿਨ ਮੈਚ ਵਿੱਚ ਛੇਵਾਂ ਦਰਜਾ ਪ੍ਰਾਪਤ ਸਿਟਸਿਪਾਸ ਨੇ ਡੈਨਿਲ ਮੈਦਵੇਦੇਵ ਨੂੰ 7-6 (7/5), 6-4 ਨਾਲ ਸ਼ਿਕਸਤ ਦਿੱਤੀ। ਨਡਾਲ ਲਈ ਇਹ ਟੂਰਨਾਮੈਂਟ ਅਹਿਮ ਹੈ ਕਿਉਂਕਿ ਇਸ ਵਿੱਚ ਹਾਰ ਕਾਰਨ ਉਹ ਨੋਵਾਕ ਜੋਕੋਵਿਚ ਹੱਥੋਂ ਆਪਣੀ ਅੱਵਲ ਨੰਬਰ ਦੀ ਬਾਦਸ਼ਾਹਤ ਗੁਆ ਸਕਦਾ ਹੈ। ਜਰਮਨੀ ਦੇ ਜੈਵੇਰੇਵ ਖ਼ਿਲਾਫ਼ ਇਸ ਮੈਚ ਤੋਂ ਪਹਿਲਾਂ ਉਸ ਦਾ ਰਿਕਾਰਡ 5-0 ਸੀ, ਪਰ ਉਹ ਸ਼ੁਰੂ ਤੋਂ ਹੀ ਲੈਅ ਵਿੱਚ ਨਹੀਂ ਦਿਸਿਆ। ਜੋਕੋਵਿਚ ਨੇ ਐਤਵਾਰ ਨੂੰ ਮਾਤਿਓ ਬਰੈਤਨੀ ਖ਼ਿਲਾਫ਼ ਜਿੱਤ ਦਰਜ ਕਰਕੇ ਆਪਣੇ ਛੇਵੇਂ ਏਟੀਪੀ ਫਾਈਨਲਜ਼ ਖ਼ਿਤਾਬ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਜਦੋਂਕਿ ਰੋਜਰ ਫੈਡਰਰ ਨੂੰ ਡੌਮੀਨਿਕ ਥੀਮ ਹੱਥੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।