ਚਮਕੌਰ ਸਾਹਿਬ, 23 ਮਈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਾਅਦ ਦੁਪਹਿਰ ਇਥੋਂ ਦੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਪਹੁੰਚ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗਣ ਦੇ ਲਗਾਏ ਗਏ ਦੋਸ਼ਾਂ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਜੋ ਮਿਲਿਆ ਹੈ ਉਹ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੇ ਅਸ਼ੀਰਵਾਦ ਅਤੇ ਹਲਕੇ ਦੇ ਲੋਕਾਂ ਦੇ ਪਿਆਰ ਸਤਿਕਾਰ ਸਦਕਾ ਮਿਲਿਆ ਹੈ। ਉਨ੍ਹਾਂ ਅਰਦਾਸ ਕਰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਵਿੱਚ ਸੱਚਾਈ ਹੋਵੇ ਤਾਂ ਉਨ੍ਹਾਂ ਦਾ ਕੱਖ ਨਾ ਰਹੇ। ਸ੍ਰੀ ਚੰਨੀ ਨੇ ਕਿਹਾ ਸੱਚੇ ਪਾਤਸ਼ਾਹ ਜੇ ਮੈਂ ਪੈਸੇ ਮੰਗੇ ਹੋਣ ਤਾਂ ਮੈਂ ਦੇਣਦਾਰ ਹਾਂ। ਅਰਦਾਸ ਕਰਨ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਬਾਹੁਤ ਸਾਰੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਕਹਿ ਦੇਵੇ ਕਿ ਨੌਕਰੀ ਜਾਂ ਕਿਸੇ ਦੀ ਬਦਲੀ ਦੇ ਉਨ੍ਹਾਂ ਨੇ ਪੈਸੇ ਲਏ ਹਨ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ ਪਰ ਭਗਵੰਤ ਮਾਨ ਵਿਜੀਲੈਂਸ ਰਾਹੀਂ ਉਨ੍ਹਾਂ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਨਾ ਪਿੱਛੇ ਹਟੇ ਹਨ ਅਤੇ ਨਾ ਹੀ ਉਹ ਸਰਕਾਰ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜਣ ਤੋਂ ਡਰਦੇ ਹਨ। ਉਹ ਹੰਕਾਰੀ ਅਤੇ ਝੂਠੇ ਮੁੱਖ ਮੰਤਰੀ ਦਾ ਸਬਰ ਨਾਲ ਸਾਹਮਣਾ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸਮਿਤੀ ਮੈਂਬਰ ਜਸਵੀਰ ਸਿੰਘ ਜਟਾਣਾ, ਰੋਹਿਤ ਸੱਭਰਵਾਲ, ਡਾ ਬਲਵਿੰਦਰ ਸਿੰਘ, ਰਾਣਾ ਮਨਮੋਹਨ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ ਅਤੇ ਬੰਤ ਸਿੰਘ ਕਲਾਰਾਂ ਹਾਜ਼ਰ ਸਨ।