ਅੰਮ੍ਰਿਤਸਰ,
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਕਾਂਗਰਸ ਸਰਕਾਰ ਸੂਬੇ ਵਿੱਚ ਅਪਰਾਧ ਬਰਦਾਸ਼ਤ ਨਹੀਂ ਕਰੇਗੀ ਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੈਮਰ ਲਾਉਣ ਸਣੇ ਹੋਰ ਸੁਧਾਰ ਕਰਨ ਦੀ ਗੱਲ ਆਖੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਕਮਿਸ਼ਨਰ ਐੱਸ ਐੱਸ ਸ੍ਰੀਵਾਸਤਵ, ਆਈਜੀ ਐੱਸਪੀਐੱਸ ਪਰਮਾਰ ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਮੌਜੂਦਗੀ ਵਿੱਚ ਉਨ੍ਹਾਂ ਆਖਿਆ ਕਿ ਸਰਕਾਰ ਸੂਬੇ ਵਿੱਚ ਅਪਰਾਧ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਵੱਲੋਂ ਪੁਲੀਸ ਨੂੰ ਅਪਰਾਧ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵਧੇਰੇ ਤਾਕਤਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਪੰਜਾਬ ਪੁਲੀਸ ਨੇ ਪਿਛਲੇ ਡੇਢ ਸਾਲ ਵਿੱਚ ਸੂਬੇ ਵਿੱਚ ਹੋਏ ਕਤਲ ਕੇਸ ਹੱਲ ਕਰ ਲਏ ਹਨ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਛੇਤੀ ਹੀ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾਏ ਜਾਣਗੇ, ਇਸ ਸਬੰਧੀ ਫੰਡ ਨਗਰ ਸੁਧਾਰ ਟਰੱਸਟ ਕੋਲ ਮੌਜੂਦ ਹਨ। ਇਸ ਮੌਕੇ ਆਈਜੀ ਸੁਰਿੰਦਰ ਪਾਲ ਪਰਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਪੁਲੀਸ ਦੇ ਕੰਮ ਵਿੱਚ ਕੋਈ ਸਿਆਸੀ ਦਖ਼ਲ ਨਹੀਂ ਹੋਵੇਗਾ ਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪੁਲੀਸ ਕਮਿਸ਼ਨਰ ਐੱਸ ਐੱਸ ਸ੍ਰੀਵਾਸਤਵਾ ਨੇ ਲੋਕਾਂ ਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਜੁਰਮ ਵਿਰੁੱਧ ਪੁਲੀਸ ਨੂੰ ਸਹਿਯੋਗ ਦੇਣ।