ਮੁੰਬਈ:ਅਦਾਕਾਰ ਅਲੀ ਫਜ਼ਲ ਹੌਲੀਵੁੱਡ ਅਦਾਕਾਰ ਜੇਰਾਰਡ ਬਟਲਰ ਦੀ ਆਉਣ ਵਾਲੀ ਫ਼ਿਲਮ ‘ਕੰਧਾਰ’ ਵਿੱਚ ਦਿਖਾਈ ਦੇਵੇਗਾ। ਇਸ ਐਕਸ਼ਨ-ਥ੍ਰਿਲਰ ਫਿਲਮ ਦਾ ਨਿਰਦੇਸ਼ਨ ਰਿਕ ਰੋਮਨ ਵੌਅ ਵੱਲੋਂ ਕੀਤਾ ਜਾਵੇਗਾ, ਜੋ ਇਸ ਤੋਂ ਪਹਿਲਾਂ ‘ਏਂਜਲ ਹੈਜ਼ ਫਾਲਨ’, ‘ਫੈਲਨ’ ਅਤੇ ‘ਗ੍ਰੀਨਲੈਂਡ’ ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਿਆ ਹੈ। ਫਿਲਮ ‘ਕੰਧਾਰ’ ਦੀ ਕਹਾਣੀ ਰਿਕ ਨੇ ਸਾਬਕਾ ਮਿਲਟਰੀ ਇੰਟੈਲੀਜੈਂਸ ਅਧਿਕਾਰੀ ਮਿਸ਼ੈਲ ਲਾਫੋਰਚੂਨ ਨਾਲ ਰਲ ਕੇ ਲਿਖੀ ਹੈ, ਜੋ ਅਫ਼ਗਾਨਿਸਤਾਨ ਸਥਿਤ ਡਿਫੈਂਸ ਇੰਟੈਲੀਜੈਂਸ ਏਜੰਸੀ ਅਤੇ ਮਿਸ਼ੈਲ ਦੇ ਤਜਰਬਿਆਂ ’ਤੇ ਆਧਾਰਿਤ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਲੀ ਫ਼ਜ਼ਲ ‘ਫਿਊਰੀਅਸ-7’ ਅਤੇ ‘ਵਿਕਟੋਰੀਆ ਐਂਡ ਅਬਦੁਲ’ ਵਰਗੀਆਂ ਕੌਮਾਂਤਰੀ ਪੱਧਰ ਦੀਆਂ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ। ਇਸ ਫਿਲਮ ਦਾ ਹਿੱਸਾ ਬਣਨ ’ਤੇ ਫ਼ਜ਼ਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ‘ਮੈਂ ਹਮੇਸ਼ਾਂ ਨਵੇਂ ਅਤੇ ਉਤਸ਼ਾਹਿਤ ਕਰਨ ਵਾਲੇ ਕੰਮ ਲਈ ਤਿਆਰ ਰਹਿੰਦਾ ਹਾਂ। ਅਸੀਂ ਛੇਤੀ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਾਂ।’ ਇਸ ਫਿਲਮ ਵਿੱਚ ਅਦਾਕਾਰ ਜੇਰਾਰਡ ਬਟਲਰ ਇੱਕ ਸੀਆਈਏ ਅਧਿਕਾਰੀ ਟੌਮ ਹੈਰਿਸ ਦੀ ਭੂਮਿਕਾ ਨਿਭਾਏਗਾ। ਫ਼ਜ਼ਲ ਦੇ ਕਿਰਦਾਰ ਬਾਰੇ ਹਾਲੇ ਕੋਈ ਹੋਰ ਵੇਰਵੇ ਨਹੀਂ ਮਿਲੇ। ਫਿਲਮ ਦਾ ਨਿਰਮਾਣ ਥੰਡਰ ਰੋਡ ਫਿਲਮਜ਼ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫ਼ਜ਼ਲ ਦੀ ਇੱਕ ਹੋਰ ਹੌਲੀਵੁੱਡ ਫਿਲਮ ‘ਡੈੱਥ ਔਨ ਦਿ ਨਾਈਲ’ ਵੀ ਅਗਲੇ ਸਾਲ 11 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ, ਜਿਸ ਦਾ ਨਿਰਦੇਸ਼ਨ ਕੈਨੇਥ ਬ੍ਰਨਾਅ ਵੱਲੋਂ ਕੀਤਾ ਗਿਆ ਹੈ।