ਓਟਵਾ, 5 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਹੁਣ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਜੇਨ ਫਿਲਪੌਟ ਨੇ ਫੈਡਰਲ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਦੇਣ ਸਮੇਂ ਆਖਿਆ ਕਿ ਜਿਸ ਢੰਗ ਨਾਲ ਸਰਕਾਰ ਐਸਐਨਸੀ-ਲਾਵਾਲਿਨ ਮਾਮਲੇ ਨੂੰ ਹੈਂਡਲ ਕਰ ਰਹੀ ਹੈ ਉਸ ਤੋਂ ਉਸ ਦਾ ਭਰੋਸਾ ਉੱਠ ਗਿਆ ਹੈ।
ਆਪਣੀ ਐਮਪੀ ਵੈੱਬਸਾਈਟ ਉੱਤੇ ਪੋਸਟ ਕੀਤੇ ਬਿਆਨ ਵਿੱਚ ਫਿਲਪੌਟ ਨੇ ਆਖਿਆ ਕਿ ਐਸਐਨਸੀ-ਲਾਵਾਲਿਨ ਸਮੇਤ ਤਾਜ਼ਾ ਵਾਪਰੀਆਂ ਘਟਨਾਵਾਂ ਨੇ ਪਿਛਲੇ ਦਿਨੀਂ ਫੈਡਰਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫਿਲਪੌਟ ਨੇ ਆਖਿਆ ਕਿ ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਵੀ ਕੈਬਨਿਟ ਮੈਂਬਰ ਵਜੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਆਪਣੀ ਗਵਾਹੀ ਵਿੱਚ ਰੇਅਬੋਲਡ ਨੇ ਦੋਸ਼ ਲਾਇਆ ਸੀ ਕਿ ਕਿਊਬਿਕ ਸਥਿਤ ਇੰਜੀਨੀਅਰਿੰਗ ਫਰਮ ਐਸਐਨਸੀ-ਲਾਵਾਲਿਨ ਖਿਲਾਫ ਮੁਜਰਮਾਨਾ ਕਾਰਵਾਈ ਨੂੰ ਰੋਕਣ ਲਈ ਟਰੂਡੋ ਤੇ ਨੌਂ ਹੋਰਨਾਂ ਉੱਚ ਸਰਕਾਰੀ ਅਧਿਕਾਰੀਆਂ ਨੇ ਉਸ ਉੱਤੇ ਦਬਾਅ ਪਾਇਆ ਸੀ। ਰੇਅਬੋਲਡ ਨੇ ਆਖਿਆ ਕਿ ਉਸ ਉੱਤੇ ਕੰਪਨੀ ਨਾਲ ਅਦਾਲਤ ਤੋਂ ਬਾਹਰ ਸੈਟਲਮੈਂਟ ਕਰਨ ਦੇ ਕਿਊਬਿਕ ਵਿੱਚ ਲਿਬਰਲਾਂ ਦੀ ਸਾਖ ਨੂੰ ਬਚਾਉਣ ਲਈ ਨਾ ਸਿਰਫ ਸਿਆਸੀ ਦਬਾਅ ਹੀ ਪਾਇਆ ਗਿਆ ਸਗੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਦੋਸ਼ੀ ਪਾਏ ਜਾਣ ਉੱਤੇ ਕੰਪਨੀ ਇੱਕ ਦਹਾਕੇ ਲਈ ਫੈਡਰਲ ਕਾਂਟਰੈਕਟਸ ਹਾਸਲ ਕਰਨ ਜਾਂ ਉਨ੍ਹਾਂ ਲਈ ਬੋਲੀ ਲਾਉਣ ਤੋਂ ਵਾਂਝੀ ਹੋ ਸਕਦੀ ਹੈ। ਰੇਅਬੋਲਡ ਦੇ ਬਿਆਨ ਤੋਂ ਬਾਅਦ ਤੋਂ ਹੀ ਟਰੂਡੋ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਆਪਣੇ ਅਸਤੀਫੇ ਸਬੰਧੀ ਪੱਤਰ ਵਿੱਚ ਫਿਲਪੌਟ ਨੇ ਆਖਿਆ ਕਿ ਉਨ੍ਹਾਂ ਦੀ ਦੋਸਤ ਵੱਲੋਂ ਇਸ ਮਾਮਲੇ ਵਿੱਚ ਪਾਏ ਗਏ ਕਥਿਤ ਦਬਾਅ ਦੇ ਸਬੂਤਾਂ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਟਰੂਡੋ ਨੂੰ ਭੇਜੇ ਅਸਤੀਫੇ ਵਿੱਚ ਫਿਲਪੌਟ ਨੇ ਆਖਿਆ ਕਿ ਇੰਜ ਲੱਗ ਰਿਹਾ ਹੈ ਕਿ ਸਾਡੇ ਨਿਆਂ ਸਿਸਟਮ ਦੀ ਆਜ਼ਾਦੀ ਤੇ ਅਖੰਡਤਾ ਦਾਅ ਉੱਤੇ ਹਨ। ਸਰਕਾਰ ਇਸ ਮਾਮਲੇ ਨਾਲ ਜਿਸ ਤਰ੍ਹਾਂ ਨਜਿੱਠ ਰਹੀ ਹੈ ਉਸ ਤੋਂ ਵੀ ਭਰੋਸਾ ਉੱਠ ਚੁੱਕਿਆ ਹੈ। ਇਸ ਉਪਰੰਤ ਇੱਕ ਬਿਆਨ ਵਿੱਚ ਟਰੂਡੋ ਦੇ ਆਫਿਸ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਫਿਲਪੌਟ ਨਾਲ ਉਨ੍ਹਾਂ ਦੇ ਅਸਤੀਫੇ ਬਾਰੇ ਗੱਲ ਕੀਤੀ ਸੀ ਤੇ ਫਿਰ ਉਨ੍ਹਾਂ ਇਹ ਅਸਤੀਫਾ ਸਵੀਕਾਰ ਕਰ ਲਿਆ ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਐਂਡ ਅਸਕਸੈਸੇਬਿਲਿਟੀ ਮੰਤਰੀ ਕਾਰਲਾ ਕੁਆਲਟਰੋ ਹੁਣ ਕਾਰਜਕਾਰੀ ਤੌਰ ਉੱਤੇ ਫਿਲਪੌਟ ਦਾ ਅਹੁਦਾ ਸਾਂਭੇਗੀ। ਅਜੇ ਇਹ ਵੇਖਣਾ ਬਾਕੀ ਹੈ ਕਿ ਕੀ ਇਸ ਨਾਲ ਕੈਬਨਿਟ ਵਿੱਚ ਇੱਕ ਵਾਰੀ ਫਿਰ ਫੇਰਬਦਲ ਹੋਵੇਗਾ ਜਾਂ ਫਿਰ ਕਿਸੇ ਇੱਕ ਵਿਅਕਤੀ ਨੂੰ ਇਹ ਅਹੁਦਾ ਸੰਭਾਲ ਦਿੱਤਾ ਜਾਵੇਗਾ।