ਕਾਕਾਮਿਗਹਾਰਾ, 6 ਜੂਨ
ਭਾਰਤੀ ਲੜਕੀਆਂ ਨੇ ਇਥੇ ਚੱਲ ਰਹੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਪੱਛੜਨ ਮਗਰੋਂ ਮਲੇਸ਼ੀਆ ਨੂੰ ਫਸਵੇਂ ਮੁਕਾਬਲੇ ’ਚ 2-1 ਗੋਲਾਂ ਨਾਲ ਹਰਾ ਦਿੱਤਾ। ਮਲੇਸ਼ੀਆ ਨੇ ਦਿਆਨ ਨਾਜ਼ੇਰੀ ਦੇ ਗੋਲ ਰਾਹੀਂ ਛੇਵੇਂ ਮਿੰਟ ’ਚ ਹੀ ਲੀਡ ਲੈ ਲਈ ਸੀ। ਭਾਰਤ ਵੱਲੋਂ ਮੁਮਤਾਜ਼ ਖ਼ਾਨ (10ਵੇਂ ਮਿੰਟ) ਅਤੇ ਦੀਪਿਕਾ (26ਵੇਂ ਮਿੰਟ) ਨੇ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਭਾਰਤ ਪੂਲ ਏ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੇ ਪਹਿਲੇ ਮੁਕਾਬਲੇ ’ਚ ਉਜ਼ਬੇਕਿਸਤਾਨ ਨੂੰ 22-0 ਨਾਲ ਹਰਾਇਆ ਸੀ। ਮਲੇਸ਼ੀਆ ਨਾਲ ਮੁਕਾਬਲੇ ’ਚ ਭਾਰਤ ਨੇ ਸ਼ੁਰੂਆਤ ’ਚ ਦੋ ਪਨੈਲਟੀ ਕਾਰਨਰ ਹਾਸਲ ਕੀਤੇ ਸਨ ਪਰ ਲੜਕੀਆਂ ਇਸ ਨੂੰ ਗੋਲ ’ਚ ਤਬਦੀਲ ਨਹੀਂ ਕਰ ਸਕੀਆਂ। ਭਾਰਤ ਨੇ ਦੂਜੇ ਕੁਆਰਟਰ ’ਚ ਹਮਲਾਵਰ ਰੁਖ ਅਖ਼ਤਿਆਰ ਕੀਤਾ ਜਿਸ ਦੇ ਨਤੀਜੇ ਵਜੋਂ ਅੱਧੇ ਸਮੇਂ ਤੋਂ ਚਾਰ ਮਿੰਟ ਪਹਿਲਾਂ ਪੈਨਲਟੀ ਸਟਰੋਕ ਮਿਲਿਆ ਅਤੇ ਦੀਪਿਕਾ ਨੇ ਗੋਲ ਕਰਨ ’ਚ ਕੋਈ ਗਲਤੀ ਨਹੀਂ ਕੀਤੀ। ਭਾਰਤ ਦਾ ਅਗਲਾ ਮੁਕਾਬਲਾ ਭਲਕੇ ਕੋਰੀਆ ਨਾਲ ਹੋਵੇਗਾ।