ਮੁੰਬਈ, 17 ਨਵੰਬਰ
ਬੌਲੀਵੁੱਡ ਕਲਾਕਾਰਾਂ ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਨੀਤੂ ਕਪੂਰ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ ‘ਜੁਗ-ਜੁਗ ਜੀਓ’ ਦੀ ਸ਼ੂਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ।
ਇਹ ਫ਼ਿਲਮ ਡਾਇਰੈਕਟਰ ਰਾਜ ਮਹਿਤਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ, ਜਿਸ ਦਾ ਨਿਰਮਾਣ ਫ਼ਿਲਮਕਾਰ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਧਰਮਾ ਪ੍ਰੋਡਕਸ਼ਨ ਦੇ ਅਧਿਕਾਰਤ ਅਕਾਊਂਟ ’ਤੇ ਟਵੀਟ ਕੀਤਾ ਗਿਆ ਹੈ, ‘ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨਾਲ ਇਸ ਫ਼ਿਲਮ ਦਾ ਸਫ਼ਰ ਸ਼ੁਰੂ ਹੋਇਆ।’
ਇਸ ਫ਼ਿਲਮ ਰਾਹੀਂ ਨੀਤੂ ਕਪੂਰ ਆਪਣੀ ਆਖ਼ਰੀ ਫ਼ਿਲਮ ‘ਬੇਸ਼ਰਮ’ ਤੋਂ ਸੱਤ ਵਰ੍ਹਿਆਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਬੇਸ਼ਰਮ ’ਚ ਉਸ ਦੇ ਪਤੀ ਰਿਸ਼ੀ ਕਪੂਰ (ਮਰਹੂਮ) ਅਤੇ ਬੇਟੇ ਰਣਵੀਰ ਕਪੂਰ ਨੇ ਵੀ ਕੰਮ ਕੀਤਾ ਸੀ।
ਨੀਤੂ ਕਪੂਰ (62) ਨੇ ਫ਼ਿਲਮ ਦੀ ਸ਼ੂਟਿੰਗ ਮੌਕੇ ਮੇਕਅੱਪ ਰੂਮ ਵਿੱਚ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।
ਨੀਤੂ ਕਪੂਰ ਨੇ ਪੋਸਟ ’ਚ ਲਿਖਿਆ ਕਿ ਕਈ ਸਾਲਾਂ ਮਗਰੋਂ ਸੈੱਟ ’ਤੇ ਆਉਣ ’ਚ ਉਹ ਡਰ ਮਹਿਸੂਸ ਕਰ ਰਹੀ ਸੀ ਪਰ ਹੁਣ ਵਾਪਸੀ ਕਰਕੇ ਖੁਸ਼ ਹੈ। ਅਨਿਲ ਕਪੂਰ ਨੇ ਵੀ ਇੰਸਟਾਗ੍ਰਾਮ ’ਤੇ ਨੀਤੂ ਕਪੂਰ ਦੀ ਤਸਵੀਰ ਪੋਸਟ ਕਰਕੇ ਊਸ ਦੀ ਹੌਸਲਾ-ਅਫਜ਼ਾਈ ਕੀਤੀ ਹੈ।