ਨਿਊਯਾਰਕ, 21 ਸਤੰਬਰ
ਜੀ7 ਗਰੁੱਪ ਵਿਚ ਸ਼ਾਮਲ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਅੱਜ ਇੱਥੇ ਹੋਈ ਇਕ ਮੀਟਿੰਗ ਵਿਚ ਪੂਰਬੀ ਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੀਆਂ ਗਤੀਵਿਧੀਆਂ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਚੀਨ ਵੱਲੋਂ ਇਸ ਖਿੱਤੇ ਵਿਚ ਫ਼ੌਜ ਭੇਜਣ ਤੇ ਹੋਰ ਭੜਕਾਊ ਕਾਰਵਾਈਆਂ ’ਤੇ ਵੀ ਫ਼ਿਕਰ ਜ਼ਾਹਿਰ ਕੀਤਾ ਹੈ। ਜੀ7 ਮੁਲਕਾਂ ਨੇ ਕਿਹਾ ਕਿ ਪੇਈਚਿੰਗ ਵੱਲੋਂ ਵਰਤਮਾਨ ਸਥਿਤੀ ਨੂੰ ਬਦਲਣ ਲਈ ਕੀਤੀ ਜਾ ਰਹੀ ਕਿਸੇ ਵੀ ਇਕਪਾਸੜ ਕੋਸ਼ਿਸ਼ ਦਾ ਉਹ ਵਿਰੋਧ ਕਰਨਗੇ। ਤਾਇਵਾਨ ਦੇ ਸਮੁੰਦਰੀ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਉਤੇ ਜ਼ੋਰ ਦਿੰਦਿਆਂ ਜੀ7 ਮੈਂਬਰਾਂ ਨੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਉਤੇ ਜ਼ੋਰ ਦਿੱਤਾ। ਉਨ੍ਹਾਂ ਕੂਟਨੀਤਕ ਮੁੱਦਿਆਂ ਉਤੇ ਚੀਨ ਨੂੰ ਵੀਏਨਾ ਸੰਧੀ ਤਹਿਤ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ‘ਪੇਈਚਿੰਗ ਵੱਲੋਂ ਦਖ਼ਲਅੰਦਾਜ਼ੀ ਦੀਆਂ ਕਾਰਵਾਈਆਂ’ ਨਾ ਕੀਤੀਆਂ ਜਾਣ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਜੀ7 ਮੁਲਕਾਂ ਨੇ ਕਿਹਾ ਕਿ ਚੀਨ ਸਿਰ ਸੰਯੁਕਤ ਰਾਸ਼ਟਰ ਐਲਾਨਨਾਮੇ ਦੇ ਸਿਧਾਂਤਾਂ ਤੇ ਮੰਤਵਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਗੱਲ ਉਤੇ ਮੁੜ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਦੀ ਸਾਗਰਾਂ ਦੇ ਕਾਨੂੰਨ ਸਬੰਧੀ ਸੰਧੀ ਹੀ ਸਾਗਰਾਂ ਤੇ ਸਮੁੰਦਰੀ ਖੇਤਰਾਂ ਵਿਚ ਕਾਨੂੰਨੀ ਢਾਂਚੇ ਨੂੰ ਚਲਾਉਣ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਚੀਨ ਵੱਲੋਂ ਦੱਖਣੀ ਚੀਨ ਸਾਗਰ ਵਿਚ ਕੀਤੇ ਜਾ ਰਹੇ ਦਾਅਵਿਆਂ ਦਾ ਕੋਈ ਅਧਾਰ ਨਹੀਂ ਹੈ, ਤੇ ਉਹ ਇਸ ਖੇਤਰ ਵਿਚ ਪੇਈਚਿੰਗ ਦੀਆਂ ਫੌਜੀ ਗਤੀਵਿਧੀਆਂ ਅਤੇ ਹੋਰ ਭੜਕਾਊ ਕਾਰਵਾਈਆਂ ਦਾ ਵਿਰੋਧ ਕਰਦੇ ਹਨ। ਜੀ7 ਮੁਲਕਾਂ ਨੇ ਨਾਲ ਹੀ ਕਿਹਾ ਕਿ ਤਾਇਵਾਨ ਬਾਰੇ ਉਨ੍ਹਾਂ ਦੇ ਬੁਨਿਆਦੀ ਰੁਖ਼ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ ਤੇ ਉਹ ਕੌਮਾਂਤਰੀ ਸੰਗਠਨਾਂ ਵਿਚ ਇਸ ਦੀ ਅਰਥਪੂਰਨ ਹਿੱਸੇਦਾਰੀ ਦਾ ਸਮਰਥਨ ਕਰਦੇ ਹਨ। ਜੀ7 ਗਰੁੱਪ ਦੇ ਵਿਦੇਸ਼ ਮੰਤਰੀਆਂ ਨੇ ਇਸ ਮੌਕੇ ਯੂਕਰੇਨ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਤੇ ਕਿਹਾ ਕਿ ‘ਜਦ ਤੱਕ ਲੋੜ ਪਏਗੀ, ਉਹ ਯੂਕਰੇਨ ਨਾਲ ਖੜ੍ਹੇ ਰਹਿਣਗੇ।’ ਇਸ ਦੇ ਨਾਲ ਹੀ ਉਨ੍ਹਾਂ ਇਕ ਸੁਰ ਵਿਚ ਰੂਸ ਦੀ ‘ਭੜਕਾਊ ਕਾਰਵਾਈ’ ਦੀ ਨਿਖੇਧੀ ਵੀ ਕੀਤੀ।