ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਨੂੰ ਘੇਰਿਆ

ਨਵੀਂ ਦਿੱਲੀ, 12 ਸਤੰਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਜੀ-20 ਸਿਖਰ ਸੰਮੇਲਨ ਮੁੱਕਣ ਤੋਂ ਬਾਅਦ ਹੁਣ ਮੋਦੀ ਸਰਕਾਰ ਨੂੰ ਘਰੇਲੂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਦੀ ਵਿਦਾਈ ਲਈ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਦੇ ਆਗੂਆਂ ਦਾ ਦੋ ਰੋਜ਼ਾ ਸਿਖਰ ਸੰਮੇਲਨ ਇੱਥੇ ਬੀਤੇ ਦਿਨ ਮੁਕੰਮਲ ਹੋਇਆ ਹੈ।

ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚ ਲੁਕਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਪਰ ਜਨਤਾ ਮਸਲਿਆਂ ਤੋਂ ਧਿਆਨ ਭਟਕਾਏ ਜਾਣ ਦੀ ਥਾਂ ਸੱਚ ਸੁਣਨਾ ਤੇ ਦੇਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘ਹੁਣ ਜੀ-20 ਦੀ ਮੀਟਿੰਗ ਖਤਮ ਹੋ ਗਈ ਹੈ। ਮੋਦੀ ਸਰਕਾਰ ਨੂੰ ਘਰੇਲੂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਮ ਆਦਮੀ ਦੀ ਥਾਲੀ ਅਗਸਤ ਮਹੀਨੇ ਅੰਦਰ 24 ਫੀਸਦ ਮਹਿੰਗੀ ਹੋ ਗਈ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਕੇ 8 ਫੀਸਦ ਹੋ ਗਈ ਹੈ। ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਮਾੜੇ ਪ੍ਰਸ਼ਾਸਨ ਅੰਦਰ ਭ੍ਰਿਸ਼ਟਾਚਾਰ ਦਾ ਹੜ੍ਹ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਗ ਦੀਆਂ ਕਈ ਰਿਪੋਰਟਾਂ ’ਚ ਭਾਜਪਾ ਦੀ ਪੋਲ ਖੁੱਲ੍ਹੀ ਹੈ ਅਤੇ ਜੰਮੂ ਕਸ਼ਮੀਰ ਵਿੱਚ 13 ਹਜ਼ਾਰ ਕਰੋੜ ਰੁਪਏ ਦਾ ਜਲ ਜੀਵਨ ਘੁਟਾਲਾ ਸਾਹਮਣੇ ਆਇਆ ਹੈ। ਇਸ ਵਿੱਚ ਇੱਕ ਦਲਿਤ ਆਈਏਐੱਸ ਅਧਿਕਾਰੀ ਨੂੰ ਇਸ ਲਈ ਪ੍ਰੇਸ਼ਾਨ ਕੀਤਾ ਗਿਆ ਕਿਉਂਕਿ ਉਸ ਨੇ ਭ੍ਰਿਸ਼ਟਾਚਾਰ ਸਾਹਮਣੇ ਲਿਆਂਦਾ।

ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਦੇ ਨੇੜਲੇ ਮਿੱਤਰ ਵੱਲੋਂ ਕੀਤੀ ਗਈ ਲੁੱਟ ਹਾਲ ਹੀ ਵਿੱਚ ਮੁੜ ਸਾਹਮਣੇ ਆਈ ਹੈ। ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਆਰਬੀਆਈ ਦੇ ਖਜ਼ਾਨੇ ਤੋਂ ਮੋਦੀ ਸਰਕਾਰ ਨੂੰ 3 ਲੱਖ ਕਰੋੜ ਰੁਪਏ ਤਬਦੀਲ ਕਰਨ ਦੇ ਸਰਕਾਰੀ ਦਬਾਅ ਦਾ ਵਿਰੋਧ ਕੀਤਾ ਸੀ। ਇਹ ਜਾਣਕਾਰੀ ਵੀ ਹੁਣ ਸਾਹਮਣੇ ਆਈ ਹੈ।’

ਉਨ੍ਹਾਂ ਕਿਹਾ, ‘ਮਨੀਪੁਰ ’ਚ ਪਿਛਲੇ ਕੁਝ ਦਿਨਾਂ ਅੰਦਰ ਮੁੜ ਹਿੰਸਾ ਹੋਈ, ਹਿਮਾਚਲ ਪ੍ਰਦੇਸ਼ ’ਚ ਕੁਦਰਤੀ ਆਫ਼ਤ ਆਈ ਹੋਈ ਹੈ ਪਰ ਮੋਦੀ ਸਰਕਾਰ ਉਸ ਨੂੰ ਕੌਮੀ ਆਫ਼ਤ ਐਲਾਨਣ ਤੋਂ ਬਚ ਰਹੀ ਹੈ। ਮੋਦੀ ਜੀ ਸੱਚਾਈ ’ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਜਨਤਾ ਸੱਚ ਸੁਣਨਾ ਤੇ ਦੇਖਣਾ ਚਾਹੁੰਦੀ ਹੈ।’ ਉਨ੍ਹਾਂ ਕਿਹਾ ਕਿ ਲੋਕਾਂ ਨੇ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਰਾਹ ਤਿਆਰ ਕਰ ਲਿਆ ਹੈ।