ਗਾਂਧੀਨਗਰ, 20 ਅਗਸਤ
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇੱਥੇ ਜੀ20 ਸਿਹਤ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਤੇ ਆਖਰੀ ਦਿਨ ‘ਡਿਜੀਟਲ ਹੈਲਥ’ ਬਾਰੇ ਇਕ ਆਲਮੀ ਮੁਹਿੰਮ ਨੂੰ ਲਾਂਚ ਕੀਤਾ। ਇਸ ਮੁਹਿੰਮ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦਾ ਸਹਿਯੋਗ ਪ੍ਰਾਪਤ ਹੈ। ਲਾਂਚ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈੱਡਰੋਸ ਅਧਾਨੋਮ ਵੀ ਹਾਜ਼ਰ ਸਨ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੁਹਿੰਮ ਸਿਹਤ ਢਾਂਚਿਆਂ ਲਈ ਡਿਜੀਟਲ ਹੈਲਥ ਪੱਧਰ ਉਤੇ ਆਏ ਸੁਧਾਰਾਂ ਨੂੰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ ਭਵਿੱਖੀ ਨਿਵੇਸ਼ ਉਤੇ ਵੀ ਚਰਚਾ ਹੋਵੇਗੀ। ਮਾਂਡਵੀਆ ਨੇ ਕਿਹਾ ਕਿ ਵੱਖ-ਵੱਖ ਥਾਂ ਖਿੱਲਰੇ ਡਿਜੀਟਲ ਉਪਾਅ, ਜਿਨ੍ਹਾਂ ਨੂੰ ਸਿਹਤ ਵਰਕਰ ਫਿਲਹਾਲ ਵਰਤ ਰਹੇ ਹਨ, ਉਨ੍ਹਾਂ ’ਤੇ ਬੋਝ ਹੀ ਪਾ ਰਹੇ ਹਨ। ਇਸ ਮੌਕੇ ਸਿਹਤ ਮੰਤਰੀ ਨੇ ਜੀ20 ਮੁਲਕਾਂ, ਵੱਖ-ਵੱਖ ਸੰਗਠਨਾਂ ਤੇ ਹਿੱਤਧਾਰਕਾਂ ਨੂੰ ਸੱਦਾ ਦਿੱਤਾ ਕਿ ਉਹ ਡਿਜੀਟਲ ਹੈਲਥ ਨਾਲ ਜੁੜੇ ਸਾਂਝੇ ਢਾਂਚੇ ਉਤੇ ਕੰਮ ਕਰਨ। ਡਬਲਿਊਐਚਓ ਮੁਖੀ ਨੇ ਇਸ ਮੌਕੇ ਡਿਜੀਟਲ ਹੈਲਥ ਖੇਤਰ ਵਿਚ ਏਆਈ ਦੀ ਅਹਿਮੀਅਤ ਉਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਤਕਨੀਕ ਦੀ ਸਫ਼ਲਤਾ ਨਾਲ ਵਰਤੋਂ ਕੀਤੀ ਗਈ ਸੀ।