ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੂਸੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀ20 ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਣ ਬਾਰੇ ਆਪਣੀ ਅਸਮਰੱਥਤਾ ਤੋਂ ਜਾਣੂ ਕਰਾਇਆ। ਪੂਤਿਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਅਗਲੇ ਮਹੀਨੇ ਭਾਰਤ ਵਿਚ ਹੋਣ ਵਾਲੇ ਸੰਮੇਲਨ ਵਿਚ ਉਨ੍ਹਾਂ ਦੀ ਥਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਹਿੱਸਾ ਲੈਣਗੇ। ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਤਾਲਮੇਲ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ ਤੇ ਇਸ ਪਾਸੇ ਹੋਈ ਤਰੱਕੀ ਦੀ ਸਮੀਖਿਆ ਕੀਤੀ। ਉਨ੍ਹਾਂ ਸਾਂਝੀ ਚਿੰਤਾ ਵਾਲੇ ਕਈ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਹਾਲ ਹੀ ਵਿਚ ਦੱਖਣੀ ਅਫ਼ਰੀਕਾ ’ਚ ਹੋਏ ਬਰਿਕਸ ਸੰਮੇਲਨ ਦਾ ਮੁੱਦਾ ਵੀ ਉੱਭਰਿਆ। ਜ਼ਿਕਰਯੋਗ ਹੈ ਕਿ ਜੀ20 ਸੰਮੇਲਨ ਨਵੀਂ ਦਿੱਲੀ ਵਿਚ 9-10 ਸਤੰਬਰ ਨੂੰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਫ਼ੈਸਲੇ ਪ੍ਰਤੀ ਸਮਝ ਦਾ ਇਜ਼ਹਾਰ ਕਰਦਿਆਂ ਰਾਸ਼ਟਰਪਤੀ ਪੂਤਿਨ ਦਾ ਭਾਰਤ ਦੀ ਅਗਵਾਈ ਵਿਚ ਜੀ20 ਨੂੰ ਲਗਾਤਾਰ ਹਮਾਇਤ ਦੇਣ ਲਈ ਧੰਨਵਾਦ ਕੀਤਾ। ਦੋਵੇਂ ਆਗੂ ਲਗਾਤਾਰ ਰਾਬਤਾ ਰੱਖਣ ਬਾਰੇ ਵੀ ਸਹਿਮਤ ਹੋਏ।