ਪੇਈਚਿੰਗ, 5 ਸਤੰਬਰ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ’ਚ ਇਸ ਹਫ਼ਤੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਨਹੀਂ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਮੁਲਕ ਦੇ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕਿਆਂਗ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨਿੰਗ ਨੇ ਇਕ ਸੰਖੇਪ ਬਿਆਨ ’ਚ ਕਿਹਾ,‘‘ਭਾਰਤ ਸਰਕਾਰ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਲੀ ਕਿਆਂਗ ਨਵੀਂ ਦਿੱਲੀ ’ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ’ਚ ਹਾਜ਼ਰੀ ਭਰਨਗੇ।’’ ਮਾਓ ਨੇ ਵੱਕਾਰੀ ਸੰਮੇਲਨ ’ਚ ਰਾਸ਼ਟਰਪਤੀ ਦੀ ਗ਼ੈਰਹਾਜ਼ਰੀ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਇਥੇ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਆਰਥਿਕਤਾ ਤੇ ਵਿਕਾਸ ’ਚ ਚੁਣੌਤੀਆਂ ਨਾਲ ਨਜਿੱਠਣ, ਬਾਹਰੀ ਦੁਨੀਆ ਨੂੰ ਵਿਸ਼ਵਾਸ ਦਿਵਾਉਣ ਅਤੇ ਸਾਂਝੀ ਖੁਸ਼ਹਾਲੀ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜੀ-20 ਸੰਮੇਲਨ ਵਿੱਚ ਮੁਲਕਾਂ ਦੇ ਸਹਿਮਤੀ ਤੱਕ ਪਹੁੰਚਣ ਦੀ ਉਮੀਦ ਕਰਦਾ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਜਕਾਰਤਾ ਵਿੱਚ ਹੋਣ ਵਾਲੇ ਆਸੀਆਨ (ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਐਸੋਸੀਏਸ਼ਨ) ਅਤੇ ਪੂਰਬੀ ਏਸ਼ੀਆ ਸੰਮੇਲਨਾਂ ’ਚ ਵੀ ਸ਼ਮੂਲੀਅਤ ਨਹੀਂ ਕਰਨਗੇ।
ਲੀ ਇੰਡੋਨੇਸ਼ੀਆ ਵਿੱਚ 5 ਤੋਂ 8 ਸਤੰਬਰ ਤੱਕ ਆਸੀਆਨ ਸੰਮੇਲਨ ਵਿੱਚ ਚੀਨ ਦੀ ਪ੍ਰਤੀਨਿਧਤਾ ਕਰਨਗੇ ਅਤੇ ਉਸ ਮਗਰੋਂ ਉਨ੍ਹਾਂ ਦੇ ਭਾਰਤ ਦੌਰੇ ’ਤੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ 2021 ਵਿੱਚ ਚੀਨ ਦੀਆਂ ਕੋਵਿਡ-19 ਪਾਬੰਦੀਆਂ ਕਾਰਨ ਜਿਨਪਿੰਗ ਨੇ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇਟਲੀ ਦੀ ਯਾਤਰਾ ਨਹੀਂ ਕੀਤੀ ਸੀ। ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਪਹਿਲਾਂ ਹੀ ਸਿਖਰ ਸੰਮੇਲਨ ਵਿੱਚ ਸ਼ਾਮਲ ਨਾ ਹੋਣ ਦੇ ਆਪਣੇ ਫੈਸਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾ ਚੁੱਕੇ ਹਨ ਕਿਉਂਕਿ ਉਨ੍ਹਾਂ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਰੂਸੀ ਰਾਸ਼ਟਰਪਤੀ ਨੇ ਪਿਛਲੇ ਸਾਲ ਨਵੰਬਰ ਵਿੱਚ ਬਾਲੀ ’ਚ ਹੋਏ ਜੀ-20 ਸਿਖਰ ਸੰਮੇਲਨ ਵਿੱਚ ਵੀ ਹਿੱਸਾ ਨਹੀਂ ਲਿਆ ਸੀ।