ਨਵੀਂ ਦਿੱਲੀ/ਵਾਸ਼ਿੰਗਟਨ, 8 ਸਤੰਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਭਾਰਤ ’ਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਭਲਕੇ ਸਵੇਰੇ ਨਵੀਂ ਦਿੱਲੀ ਪਹੁੰਚਣਗੇ। ਵ੍ਹਾਈਟ ਹਾਊਸ ਨੇ ਦੱਸਿਆ ਕਿ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਉਸੇ ਦਿਨ ਦੁਵੱਲੀ ਮੀਟਿੰਗ ਵੀ ਹੋਵੇਗੀ। ਇਸ ਦੌਰਾਨ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਭਾਰਤ ਦੌਰੇ ਲਈ ਬਹੁਤ ਉਤਸ਼ਾਹਿਤ ਹਨ। ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਸ਼ਨਿਚਰਵਾਰ ਨੂੰ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜਣਗੇ। ਉਹ ਐਤਵਾਰ ਨੂੰ ਸੰਮੇਲਨ ਦੀ ਸਮਾਪਤੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਪੁੱਜਣ ਤੋਂ ਪਹਿਲਾਂ ਜਰਮਨੀ ਦੇ ਰੈਮਸਟੀਨ ’ਚ ਥੋੜ੍ਹੇ ਸਮੇਂ ਲਈ ਰੁਕਣਗੇ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਬਾਇਡਨ ਦਾ ਸ਼ਨਿਚਰਵਾਰ ਨੂੰ ਦਿੱਲੀ ’ਚ ਰਸਮੀ ਤੌਰ ’ਤੇ ਸਵਾਗਤ ਹੋਵੇਗਾ ਅਤੇ ਫਿਰ ਉਹ ਜੀ-20 ਸਿਖਰ ਸੰਮੇਲਨ ਦੇ ਵੱਖ ਵੱਖ ਸੈਸ਼ਨਾਂ ’ਚ ਹੋਰ ਆਗੂਆਂ ਨਾਲ ਹਾਜ਼ਰੀ ਭਰਨਗੇ। ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੀ-20 ਦੇ ਹੋਰ ਆਗੂਆਂ ਨਾਲ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਬਾਅਦ ’ਚ ਬਾਇਡਨ ਦਿੱਲੀ ਤੋਂ ਹਨੋਈ (ਵੀਅਤਨਾਮ) ਲਈ ਰਵਾਨਾ ਹੋਣਗੇ। ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਜੀ-20 ਦੇ ਏਜੰਡੇ ਖਾਸ ਕਰਕੇ ਆਰਥਿਕ ਸਹਿਯੋਗ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਰਣਨੀਤਕ ਸੰਚਾਰ ਬਾਰੇ ਕੌਮੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਇਸ਼ਾਰਾ ਕੀਤਾ ਕਿ ਮੋਦੀ ਅਤੇ ਬਾਇਡਨ ਵਿਚਕਾਰ ਜਲਵਾਯੂ ਅਤੇ ਯੂਕਰੇਨ ਜੰਗ ਬਾਰੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਵੀ ਸੰਭਾਵਨਾ ਹੈ।