ਸ੍ਰੀਨਗਰ, 18 ਮਈ
ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਦੀ ਕਮਾਂਡੋ ਨੇ ਅਗਲੇ ਹਫ਼ਤੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਅੱਜ ਇੱਥੇ ਸ਼ਹਿਰ ਦੇ ਲਾਲ ਚੌਕ ਇਲਾਕੇ ਵਿੱਚ ਤਲਾਸ਼ੀ ਅਤੇ ਸੁਰੱਖਿਆ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਐੱਨਐੱਸਜੀ ਕਮਾਂਡੋ ਨਾਲ ਜੰਮੂ ਕਸ਼ਮੀਰ ਪੁਲੀਸ ਤੇ ਸੀਆਰਪੀਐੱਫ ਦੇ ਜਵਾਨ ਵੀ ਸਨ। ਅਧਿਕਾਰੀਆਂ ਨੇ ਕਿਹਾ ਕਿ ਇੱਥੇ 22 ਤੋਂ 24 ਮਈ ਤੱਕ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਇਸ ਤਰ੍ਹਾਂ ਦੀ ਮੁਹਿੰਮ ਜਾਰੀ ਰਹੇਗੀ। ਇਸੇ ਦੌਰਾਨ ਜੰਮੂ ਕਸ਼ਮੀਰ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਸ਼ੱਕੀ ਕੌਮਾਂਤਰੀ ਨੰਬਰਾਂ ਤੋਂ ਫੋਨ ਕਾਲਾਂ ਤੇ ਵ੍ਹਟਸਐਪ ’ਤੇ ਸੁਨੇਹੇ ਆ ਰਹੇ ਹਨ ਅਤੇ ਇਨ੍ਹਾਂ ਰਾਹੀਂ ਜੀ-20 ਨਾਲ ਜੁੜੇ ਪ੍ਰੋਗਰਾਮਾਂ ਬਾਰੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਘਟਨਾਵਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਤਾਜ਼ਾ ਸੁਰੱਖਿਆ ਚੁਣੌਤੀਆਂ ਵਜੋਂ ਸਾਹਮਣੇ ਆਈਆਂ ਹਨ।