ਨਿਊਯਾਰਕ, ਅਮਰੀਕੀ ਸੂਬੇ ਕੈਲੀਫੋਰਨੀਆ ਦੀ ਪੁਲੀਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉਤੇ ਬੀਤੇ ਹਫ਼ਤੇ ਹੋਏ ਹਮਲੇ ਸਬੰਧੀ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ਼ੌਰਤਲਬ ਹੈ ਕਿ ਬੀਤੀ 25 ਅਗਸਤ ਨੂੰ ਯੂਬਾ ਸਿਟੀ ਦੇ ਮੁੱਖ ਗੁਰਦੁਆਰੇ ’ਚ ਪੁੱਜੇ ਸ੍ਰੀ ਜੀਕੇ ਉਤੇ ਖ਼ਾਲਿਸਤਾਨ 2020 ਰਾਇਸ਼ੁਮਾਰੀ ਦੇ ਕਥਿਤ 30-35 ਹਮਾਇਤੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਸ੍ਰੀ ਜੀਕੇ ਹੇਠਾਂ ਡਿੱਗ ਪਏ ਸਨ ਤੇ ਉਨ੍ਹਾਂ ਦੀ ਪੱਗ ਲੱਥ ਗਈ ਸੀ।
ਸਿੱਖਸ ਫ਼ਾਰ ਜਸਟਿਸ (ਐਸਐਫ਼ਜੇ) ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਕੈਲੀਫੋਰਨੀਆ ਦੀ ਸਟਰ ਕਾਊਂਟੀ ਦੇ ਸ਼ੈਰਿਫ਼ ਦੇ ਦਫ਼ਤਰ ਨੇ ਇਸ ਸਬੰਧੀ ਰਾਇਸ਼ੁਮਾਰੀ 2020 ਦੇ ਹਮਾਇਤੀਆਂ ਸੁਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੂੰ ਚਾਰਜ ਕੀਤਾ ਹੈ। ਦੋਵਾਂ ਖ਼ਿਲਾਫ਼ ਕੈਲੀਫੋਰਨੀਆ ਦੰਡਾਵਲੀ ਦੀ ਦਫ਼ਾ 242 ਤਹਿਤ ‘ਕੁੱਟ-ਮਾਰ’ ਦੇ ਦੋਸ਼ ਲਾਏ ਗਏ ਹਨ ਤੇ ਅਦਾਲਤੀ ਸੁਣਵਾਈ ਲਈ 15 ਅਕਤੂਬਰ ਦੀ ਤਰੀਕ ਮੁਕੱਰਰ ਕੀਤੀ ਗਈ ਹੈ। ਇਨ੍ਹਾਂ ਦੋਸ਼ਾਂ ਤਹਿਤ 2000 ਡਾਲਰ ਜੁਰਮਾਨੇ ਜਾਂ ਛੇ ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਐਸਐਫ਼ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਗਰੁੱਪ ਵੱਲੋਂ ਇਨ੍ਹਾਂ ਦੋਵਾਂ ਦੀ ਕਾਨੂੰਨੀ ਮਦਦ ਕੀਤੀ ਜਾਵੇਗੀ, ਕਿਉਂਕਿ ਉਹ ਸਿਰਫ਼ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਜੀਕੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਿੰਸਾ ਦੀ ਸ਼ੁਰੂਆਤ ਸ੍ਰੀ ਜੀਕੇ ਦੇ ਹਮਾਇਤੀਆਂ ਨੇ ਆਪਣੇ ਜਮਹੂਰੀ ਹੱਕ ਤਹਿਤ ਰੋਸ ਮੁਜ਼ਾਹਰਾ ਕਰ ਰਹੇ ਰਾਇਸ਼ੁਮਾਰੀ ਦੇ ਹਮਾਇਤੀਆਂ ਉਤੇ ਹਮਲਾ ਕਰ ਕੇ ਕੀਤੀ।