ਨਰਿਤਾ (ਜਾਪਾਨ): ਜਾਪਾਨ ਦੇ ਫੁਟਬਾਲ ਪ੍ਰਮੁੱਖ ਕੋਜ਼ੋ ਤਾਸ਼ਿਮਾ ਨੇ ਮਾਸਕੋ ਤੋਂ ਟੀਮ ਦੇ ਪਰਤਣ ਮਗਰੋਂ ਅੱਜ ਕੌਮੀ ਟੀਮ ਦੇ ਆਲੋਚਕਾਂ ਵੱਲ ਨਿਸ਼ਾਨਾ ਸਾਧਿਆ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਨਵੇਂ ਕੋਚ ਦੀ ਭਾਲ ਹੈ। ਜੇਐਫਏ ਮੁਖੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਫੁਟਬਾਲ ਵਿਸ਼ਵ ਕੱਪ ਵਿੱਚ ਟੀਮ ਨੂੰ ਨਾਕਆਊਟ ਗੇੜ ਵਿੱਚ ਥਾਂ ਦਿਵਾਉਣ ਵਾਲੇ ਕਾਇਮ ਮੁਕਾਮ ਪ੍ਰਮੁੱਖ ਅਕੀਰਾ ਨਿਸ਼ੀਨੋ ਆਪਣੇ ਅਹੁਦੇ ’ਤੇ ਨਹੀਂ ਬਣੇ ਰਹਿਣਗੇ। ਕੋਜ਼ੋ ਨੇ ਉਨ੍ਹਾਂ ਕੁਮੈਂਟੇਟਰਾਂ ਦੀ ਵੀ ਨਿਖੇਧੀ ਕੀਤੀ, ਜਿਨ੍ਹਾਂ ਪੋਲੈਂਡ ਖ਼ਿਲਾਫ਼ ਆਖਰੀ ਗਰੁੱਪ ਮੈਚ ਵਿੱਚ ਟੀਮ ਦੀ ਰਣਨੀਤੀ ’ਤੇ ਸਵਾਲ ਉਠਾਏ ਸਨ। ਜੇਐਫਏ ਦੇ ਸਾਬਕਾ ਤਕਨੀਕੀ ਨਿਰਦੇਸ਼ਕ ਨਿਸ਼ੀਨੋ ਦੇ ਅਹੁਦੇ ਦੀ ਦੌੜ ਤੋਂ ਲਾਂਭੇ ਹੋਣ ਮਗਰੋਂ ਜਰਮਨੀ ਦੇ ਸਾਬਕਾ ਕੋਚ ਜੁਇਰਗਨ ਕਲਿੰਸਮੈਨ ਨੂੰ ਕੋਚ ਦੇ ਅਹੁਦੇ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਆਰਸੇਨਲ ਦੇ ਸਾਬਕਾ ਮੈਨੇਜਰ ਆਰਸੀਨ ਵੈਂਗਰ ਵੀ ਇਸ ਦੌੜ ’ਚ ਸ਼ਾਮਲ ਹਨ। ਇਸ ਤੋਂ ਪਹਿਲਾਂ ਸੈਂਕੜੇ ਪ੍ਰਸ਼ੰਸਕਾਂ ਨੇ ਮੁਲਕ ਪਰਤਣ ’ਤੇ ਟੀਮ ਦਾ ਸਵਾਗਤ ਕੀਤਾ।