ਟੋਕੀਓ, 25 ਜੁਲਾਈ
ਸੀਨੀਅਰ ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਐੱਚ ਐੱਸ ਪ੍ਰਣਯ ਨੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿੱਚ ਅੱਜ ਜਿੱਤਾਂ ਦਰਜ ਕਰਦਿਆਂ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਬੀਤੇ ਹਫ਼ਤੇ ਇੰਡੋਨੇਸ਼ੀਆ ਓਪਨ ਵਿੱਚ ਉਪ ਜੇਤੂ ਰਹੀ ਸਿੰਧੂ ਨੇ ਗ਼ੈਰ-ਦਰਜਾ ਪ੍ਰਾਪਤ ਚੀਨ ਦੀ ਹਾਨ ਯੂਏ ਨੂੰ 21-9, 21-17 ਨਾਲ ਹਰਾਉਣ ਵਿੱਚ ਸਿਰਫ਼ 37 ਮਿੰਟ ਹੀ ਲਾਏ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਦਾ ਸਾਹਮਣਾ ਹੁਣ ਜਾਪਾਨ ਦੀ ਆਯਾ ਓਹੋਰੀ ਨਾਲ ਹੋਵੇਗਾ।
ਦੂਜੇ ਪਾਸੇ ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਦੀ ਖ਼ਰਾਬ ਲੈਅ ਜਾਰੀ ਰਹੀ। ਉਸ ਨੂੰ ਪਹਿਲੇ ਗੇੜ ਵਿੱਚ ਹੀ ਹਮਵਤਨ ਪ੍ਰਣਯ ਤੋਂ ਹਾਰ ਝੱਲਣੀ ਪਈ। ਪ੍ਰਣਯ ਨੇ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਵਿੱਚ ਆਪਣੇ ਤੋਂ ਵੱਧ ਦਰਜਾਬੰਦੀ ਵਾਲੇ ਸ੍ਰੀਕਾਂਤ ਨੂੰ 13-21, 21-11, 22-20 ਨਾਲ ਹਰਾਇਆ। ਇਹ ਮੈਚ 59 ਮਿੰਟ ਤੱਕ ਚੱਲਿਆ। ਸਮੀਰ ਵਰਮਾ ਵੀ ਪਹਿਲੇ ਗੇੜ ਤੋਂ ਅੱਗੇ ਨਹੀਂ ਵਧ ਸਕਿਆ ਅਤੇ ਡੈੱਨਮਾਰਕ ਦੇ ਐਂਡਰਸ ਐਂਟੋਨਸੇਨ ਤੋਂ ਸਿੱਧੇ ਸੈੱਟ ਵਿੱਚ ਹਾਰ ਗਿਆ। ਉਸ ਨੂੰ 46 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 17-21, 12-21 ਨਾਲ ਸ਼ਿਕਸਤ ਮਿਲੀ।
ਸ੍ਰੀਕਾਂਤ ਦਾ ਪ੍ਰਣਯ ਖ਼ਿਲਾਫ਼ ਰਿਕਾਰਡ ਬਿਹਤਰ ਰਿਹਾ ਹੈ। ਪ੍ਰਣਯ ਹੁਣ ਦੂਜੇ ਗੇੜ ਵਿੱਚ ਡੈੱਨਮਾਰਕ ਦੇ ਰਮਸੁਮ ਗੇਮਕੇ ਦਾ ਸਾਹਮਣਾ ਕਰੇਗਾ। ਵਿਸ਼ਵ ਦਾ ਸਾਬਕਾ ਅੱਵਲ ਨੰਬਰ ਖਿਡਾਰੀ ਸ੍ਰੀਕਾਂਤ ਇਸ ਸੈਸ਼ਨ ਵਿੱਚ ਲੈਅ ਨਾਲ ਜੂਝ ਰਿਹਾ ਹੈ। ਉਹ ਬੀਤੇ ਹਫ਼ਤੇ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕਿਆ ਸੀ। ਪੁਰਸ਼ ਡਬਲਜ਼ ਵਿੱਚ ਵੀ ਭਾਰਤ ਨੇ ਜਿੱਤ ਦਰਜ ਕੀਤੀ। ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੇ ਇੰਗਲੈਂਡ ਦੇ ਮਾਰਕਸ ਐਲਿਸ ਅਤੇ ਕ੍ਰਿਸ ਲੈਂਗਰਿਜ ਦੀ ਜੋੜੀ ਨੂੰ 21-16, 21-17 ਨਾਲ ਸ਼ਿਕਸਤ ਦੇ ਕੇ ਦੂਜੇ ਗੇੜ ਵਿੱਚ ਥਾਂ ਬਣਾਈ। ਹੁਣ ਉਨ੍ਹਾਂ ਦੀ ਟੱਕਰ ਕੋਰੀਆ ਜਾਂ ਚੀਨ ਦੀ ਜੋੜੀ ਨਾਲ ਹੋਵੇਗੀ। ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਅਤੇ ਐੱਨ ਸਿੱਕੀ ਰੈਡੀ ਦੀ ਜੋੜੀ ਕੋਰੀਆ ਦੀ ਸੋ ਯਿਯੋਂਗ ਕਿਮ ਅਤੇ ਹੀ ਯੋਂਗ ਕੋਂਗ ਦੀ ਜੋੜੀ ਤੋਂ 16-21, 14-21 ਨਾਲ ਹਾਰ ਕੇ ਬਾਹਰ ਹੋ ਗਈ। ਇਸ ਦੌਰਾਨ ਪ੍ਰਣਵ ਜੇਰੀ ਚੋਪੜਾ ਅਤੇ ਸਿੱਕੀ ਰੈਡੀ ਦੀ ਜੋੜੀ ਵੀ ਮਿਕਸਡ ਡਬਲਜ਼ ਵਿੱਚ ਹਾਰ ਕੇ ਬਾਹਰ ਹੋ ਗਈ।