ਟੋਕੀਓ — ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੇਡੀ ਨੂੰ ਅੱਜ ਇੱਥੇ ਮਿਕਸਡ ਡਬਲਜ਼ ਸੈਮੀਫਾਈਨਲ ‘ਚ ਕਰੀਬੀ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਜਾਪਾਨ ਓਪਨ ਸੁਪਰ ਖਿਤਾਬ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਇਸ ਸਾਲ ਲਖਨਊ ‘ਚ ਸਈਅਦ ਮੋਦੀ ਗ੍ਰਾਂ ਪ੍ਰੀ. ਗੋਲਡ ਦਾ ਖਿਤਾਬ ਜਿੱਤਣ ਵਾਲੇ ਪ੍ਰਣਵ ਅਤੇ ਸਿੱਕੀ ਨੂੰ ਪਹਿਲਾ ਗੇਮ ਜਿੱਤਣ ਦੇ ਬਾਵਜੂਦ ਤਾਕੁਰੋ ਹੋਕੀ ਅਤੇ ਸਯਾਕਾ ਹਿਰੋਤਾ ਦੀ ਸਥਾਨਕ ਜੋੜੀ ਦੇ ਖਿਲਾਫ 21-14, 15-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਜੋੜੀ ਨੇ 60 ਮਿੰਟ ਤੱਕ ਚਲੇ ਮੁਕਾਬਲੇ ‘ਚ ਪਹਿਲੇ ਗੇਮ’ਚ 7-4 ਦੀ ਬੜ੍ਹਤ ਬਣਾਈ ਪਰ ਜਾਪਾਨੀ ਜੋੜੀ ਨੇ 9-9 ‘ਤੇ ਬਰਾਬਰੀ ਹਾਸਲ ਕਰ ਲਈ। ਪ੍ਰਣਵ ਅਤੇ ਸਿੱਕੀ ਨੇ ਹਾਲਾਂਕਿ ਇਸ ਤੋਂ ਬਾਅਦ ਫਿਰ ਬੜ੍ਹਤ ਬਣਾਈ ਅਤੇ ਇਸ ਨੂੰ ਬਰਕਰਾਰ ਰਖਦੇ ਹੋਏ ਪਹਿਲਾ ਗੇਮ ਜਿੱਤ ਲਿਆ। ਤਾਕੁਰੋ ਅਤੇ ਸਯਾਕਾ ਨੇ ਦੂਜੇ ਗੇਮ ‘ਚ ਵਾਪਸੀ ਕੀਤੀ ਅਤੇ 4-1 ਦੀ ਬੜ੍ਹਤ ਬਣਾਈ। ਮੇਜ਼ਬਾਨ ਟੀਮ ਦੀ ਜੋੜੀ ਬ੍ਰੇਕ ਤੱਕ 11-8 ਨਾਲ ਅੱਗੇ ਸੀ। ਪ੍ਰਣਵ ਅਤੇ ਸਿੱਕੀ ਨੇ ਸਕੋਰ 13-15 ਕੀਤਾ ਪਰ ਸਥਾਨਕ ਜੋੜੀ ਨੇ ਇਸ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੇਮ ਜਿੱਤ ਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ।
ਫੈਸਲਾਕੁੰਨ ਗੇਮ ‘ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਦੋਵੇਂ ਜੋੜੀਆਂ 8-8 ਨਾਲ ਬਰਾਬਰ ਸਨ ਪਰ ਜਾਪਾਨ ਦੀ ਜੋੜੀ ਨੇ 13-9 ਦੀ ਬੜ੍ਹਤ ਬਣਾ ਲਈ। ਦੋਹਾਂ ਜੋੜੀਆਂ ਵਿਚਾਲੇ ਸਖਤ ਮੁਕਾਬਲਾ ਹੋਇਆ ਪਰ ਤਾਕੁਰੋ ਅਤੇ ਸਯਾਕਾ ਨੇ 20-19 ਦੇ ਸਕੋਰ ‘ਤੇ ਮੈਚ ਪੁਆਇੰਟ ਹਾਸਲ ਕੀਤਾ ਅਤੇ ਫਿਰ ਅਗਲਾ ਅੰਕ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾਈ।