ਬ੍ਰਸੱਲਜ਼, 10 ਫਰਵਰੀ

ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਯੂਰੋਪੀਅਨ ਸੰਸਦ ਨੂੰ ਸੰਬੋਧਨ ਕਰਦਿਆਂ ਰੂਸ ਨਾਲ ਜੰਗ ਲਈ ਵਧੇਰੇ ਫ਼ੌਜੀ ਸਹਾਇਤਾ ਦੀ ਮੰਗ ਕੀਤੀ। ਜ਼ੈਲੇਂਸਕੀ ਨੇ ਕਿਹਾ ਕਿ ਯੂਕਰੇਨ ਅਤੇ ਯੂਰੋਪੀਅਨ ਯੂਨੀਅਨ ਇਕੱਠਿਆਂ ਰੂਸ ਖ਼ਿਲਾਫ਼ ਜੰਗ ਲੜ ਰਹੇ ਹਨ ਜੋ ਦੁਨੀਆ ’ਚ ‘ਸਭ ਤੋਂ ਵੱਧ ਯੂਰੋਪ ਵਿਰੋਧੀ ਤਾਕਤ’ ਹੈ। ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਜ਼ੈਲੇਂਸਕੀ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਆਪਣੇ ਭਾਸ਼ਨ ਦੇ ਅਖੀਰ ’ਚ ਜ਼ੈਲੇਂਸਕੀ ਨੇ ਯੂਰੋਪੀਅਨ ਯੂਨੀਅਨ ਦਾ ਝੰਡਾ ਫੜਿਆ ਅਤੇ ਜਦੋਂ ਯੂਕਰੇਨ ਦਾ ਕੌਮੀ ਤਰਾਨਾ ਵਜਿਆ ਤਾਂ ਪੂਰੀ ਸੰਸਦ ਸਨਮਾਨ ’ਚ ਖੜ੍ਹੀ ਹੋ ਗਈ। ਜ਼ੈਲੇਂਸਕੀ ਦੇ ਸੰਬੋਧਨ ਤੋਂ ਪਹਿਲਾਂ ਯੂਰੋਪੀਅਨ ਸੰਸਦ ਦੇ ਮੁਖੀ ਰੌਬਰਟਾ ਮੇਟਸੋਲਾ ਨੇ ਕਿਹਾ ਕਿ ਭਾਈਵਾਲਾਂ ਨੂੰ ਯੂਕਰੇਨ ਨੂੰ ਲੜਾਕੂ ਜੈੱਟ ਅਤੇ ਲੰਬੀ ਦੂਰੀ ਦੀ ਪ੍ਰਣਾਲੀ ਦੇਣ ਲਈ ਤੇਜ਼ੀ ਨਾਲ ਅਗਲਾ ਕਦਮ ਉਠਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਯੂਕਰੇਨ ਖ਼ਿਲਾਫ਼ ਜੰਗ ਮੁਲਕ ਦੀ ਹੋਂਦ ਲਈ ਖ਼ਤਰਾ ਹੈ। ਜੰਗ ਦੇ ਅਧਿਐਨ ਸਬੰਧੀ ਇੰਸਟੀਚਿਊਟ ਮੁਤਾਬਕ ਰੂਸ ਦੀਆਂ ਫ਼ੌਜਾਂ ਨੇ ਯੂਕਰੇਨ ਦੇ ਪੂਰਬੀ ਲੁਹਾਂਸਕ ਖ਼ਿੱਤੇ ’ਚ ਹਮਲੇ ਤੇਜ਼ ਕਰ ਦਿੱਤੇ ਹਨ ਤਾਂ ਜੋ ਪੂਰੇ ਖ਼ਿੱਤੇ ਨੂੰ ਆਪਣੇ ਕਬਜ਼ੇ ’ਚ ਲਿਆ ਜਾ ਸਕੇ।