ਕੋਪਨਹੇਗਨ, 22 ਅਗਸਤ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਰੂਸ ਦੇ ਟਾਕਰੇ ਲਈ ਸਹਾਇਤਾ ਦੇਣ ਵਾਸਤੇ ਡੈਨਮਾਰਕ ਦੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਡੈਨਮਾਰਕ ਅਤੇ ਨੈਦਰਲੈਂਡਜ਼ ਨੇ ਇਕ ਦਿਨ ਪਹਿਲਾਂ ਐਲਾਨ ਕੀਤਾ ਹੈ ਕਿ ਉਹ ਕੀਵ ਨੂੰ ਅਮਰੀਕਾ ’ਚ ਬਣੇ ਐੱਫ-16 ਜੈੱਟ ਮੁਹੱਈਆ ਕਰਵਾਉਣਗੇ ਜੋ ਸਾਲ ਦੇ ਅਖੀਰ ਤੱਕ ਮਿਲ ਜਾਣਗੇ। ਜ਼ੈਲੇਂਸਕੀ ਨੇ ਕਾਨੂੰਨਘਾੜਿਆਂ ਨੂੰ ਕਿਹਾ ਕਿ ਜੇਕਰ ਰੂਸ ਜੰਗ ਜਿੱਤ ਗਿਆ ਤਾਂ ਯੂਰੋਪ ਦੇ ਹੋਰ ਹਿੱਸਿਆਂ ’ਤੇ ਵੀ ਰੂਸੀ ਹਮਲੇ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕੋਪਨਹੇਗਨ ’ਚ ਦਿੱਤੇ ਭਾਸ਼ਨ ਦੌਰਾਨ ਕਿਹਾ,‘‘ਜੇਕਰ ਯੂਕਰੇਨ ਜੰਗ ਹਾਰ ਗਿਆ ਤਾਂ ਰੂਸ ਦੇ ਸਾਰੇ ਗੁਆਂਢੀ ਮੁਲਕ ਵੀ ਖ਼ਤਰੇ ’ਚ ਹੋਣਗੇ।’’ ਜ਼ੈਲੇਂਸਕੀ ਨੇ ਕਿਹਾ ਕਿ ਯੂਕਰੇਨ ਜੰਗ ਖ਼ਿਲਾਫ਼ ਪੱਛਮ ਦੀ ਆਜ਼ਾਦੀ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੀ ਬਹੁਤ ਵੱਡੀ ਫ਼ੌਜ ਦੇ ਟਾਕਰੇ ਲਈ ਯੂਕਰੇਨ ਦੀ ਸਹਾਇਤਾ ਕਰਨ ਦੀ ਲੋੜ ਹੈ। ਯੂਕਰੇਨ ਕਈ ਮਹੀਨਿਆਂ ਤੋਂ ਆਪਣੇ ਪੱਛਮੀ ਭਾਈਵਾਲਾਂ ’ਤੇ ਦਬਾਅ ਬਣਾਉਂਦਾ ਆ ਰਿਹਾ ਹੈ ਕਿ ਉਸ ਨੂੰ ਐੱਫ-16 ਜੈੱਟ ਦਿੱਤੇ ਜਾਣ। ਜ਼ੈਲੇਂਸਕੀ ਨੇ ਐਤਵਾਰ ਨੂੰ ਨੈਦਰਲੈਂਡਜ਼ ਦਾ ਦੌਰਾ ਕਰਕੇ ਆਈਂਡਹੋਵਨ ’ਚ ਡੱਚ ਬੇਸ ’ਤੇ ਐੱਫ-16 ਜੈੱਟਾਂ ਦਾ ਨਿਰੀਖਣ ਕੀਤਾ ਸੀ। ਯੂਕਰੇਨ ਦੀਆਂ ਫ਼ੌਜਾਂ ਸੋਵੀਅਤ ਯੁੱਗ ਦੇ 1970ਵਿਆਂ ਅਤੇ 80ਵਿਆਂ ’ਚ ਬਣੇ ਲੜਾਕੂ ਜਹਾਜ਼ਾਂ ਦੀ ਅਜੇ ਤੱਕ ਵਰਤੋਂ ਕਰ ਰਹੀਆਂ ਹਨ। ਉਂਜ ਅਮਰੀਕੀ ਹਵਾਈ ਸੈਨਾ ਦੇ ਜਨਰਲ ਜੇਮਸ ਹੈਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਯੂਕਰੇਨ ਲਈ ਐੱਫ-16 ਜੈੱਟਾਂ ਦੇ ਕੋਈ ਵੱਡਾ ਮਾਅਰਕਾ ਮਾਰਨ ਦੀ ਸੰਭਾਵਨਾ ਨਹੀਂ ਹੈ।