ਮੁੰਬਈ, 14 ਜੂਨ

ਬੌਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅੱਜ ਸੋਸ਼ਲ ਮੀਡੀਆ ’ਤੇ ਯੂਐੱਸ ਦੀਆਂ ਕੁੱਝ ਝਲਕਾਂ ਸਾਂਝੀਆਂ ਕੀਤੀਆਂ, ਜਿੱਥੇ ਤਾਲਾਬੰਦੀ ਮਗਰੋਂ ਜ਼ਿੰਦਗੀ ਮੁੜ ਲੀਹ ’ਤੇ ਤੁਰਨ ਲੱਗੀ ਹੈ। ਅਦਾਕਾਰਾ ਨੇ ਯੂਐੱਸ ਤੋਂ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਲੋਕ ਹਫ਼ਤੇ ਦੇ ਆਖ਼ਰੀ ਦਿਨ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਕੁੱਝ ਲੋਕ ਸੜਕ ਕਿਨਾਰੇ ਬੈਠ ਕੇ ਕੌਫ਼ੀ ਦਾ ਲੁਤਫ਼ ਉਠਾ ਰਹੇ ਹਨ, ਜਦੋਂ ਕਿ ਕੁਝ ਲੋਕ ਗਲੀਆਂ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘੁੰਮ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਮਾਸਕ ਨਹੀਂ ਲਗਾਇਆ ਹੋਇਆ। ਅਦਾਕਾਰਾ ਵੀ ਵੀਡੀਓ ਵਿੱਚ ਮਾਸਕ ਤੋਂ ਬਿਨਾਂ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਪ੍ਰੀਤੀ ਨੇ ਵੀਡੀਓ ਜ਼ਰੀਏ ਕਿਹਾ, ‘‘ਲੋਕਾਂ ਨੂੰ ਕਈ ਮਹੀਨਿਆਂ ਮਗਰੋਂ ਘਰਾਂ ਤੋਂ ਬਾਹਰ ਦੇਖ ਅਤੇ ਇੱਕ-ਦੂਜੇ ਦਾ ਸਾਥ ਮਾਣਦਿਆਂ ਦੇਖ ਕੇ ਬੇਹੱਦ ਖ਼ੁਸ਼ੀ ਹੋਈ। ਬਹੁਤੇ ਲੋਕ ਵੈਕਸੀਨ ਲੈ ਚੁੱਕੇ ਹਨ, ਜਿਸ ਕਾਰਨ ਹਾਲਾਤ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਹੈ। ਇੱਥੇ ਜ਼ਿੰਦਗੀ ਮੁੜ ਧੜਕ ਰਹੀ ਹੈ ਅਤੇ ਲੋਕ ਆਮ ਚੀਜ਼ਾਂ ਦਾ ਵੀ ਆਨੰਦ ਮਾਣ ਰਹੇ ਹਨ। #ਵੀਕ ਐਂਡ ਵਾਈਬਜ਼।’’ ਪ੍ਰੀਤੀ ਜ਼ਿੰਟਾ ਦੀ ਇਸ ਵੀਡੀਓ ’ਤੇ ਉਸ ਦੇ ਢੇਰ ਸਾਰੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਆਪਣਾ ਪਿਆਰ ਜ਼ਾਹਰ ਕਰਦਿਆਂ ਕਿਹਾ ਕਿ ਉਹ ਖੂਬਸੂਰਤ ਦਿਖਾਈ ਦੇ ਰਹੀ ਹੈ। ਇੱਕ ਪ੍ਰਸ਼ੰਸਕ ਨੇ ਇਸ਼ਾਰਾ ਕਰਦਿਆਂ ਲਿਖਿਆ ਕਿ ਬੌਲੀਵੁੱਡ ਅਦਾਕਾਰਾ ਨੂੰ ਕੋਈ ਨਹੀਂ ਪਹਿਚਾਣ ਰਿਹਾ, ਹਾਲਾਂਕਿ ਉਹ ਬਿਨਾਂ ਮਾਸਕ ਤੋਂ ਗਲੀ ਵਿੱਚ ਘੁੰਮ ਰਹੀ ਹੈ।