ਚੰਡੀਗੜ੍ਹ – ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ਵਿੱਚ 14 ਦਸੰਬਰ 2025 ਨੂੰ ਦੀਆਂ ਆਮ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਚੋਣਾਂ ਦਾ ਨਤੀਜਾ 17 ਦਸੰਬਰ 2025 ਨੂੰ ਘੋਸ਼ਿਤ ਕੀਤਾ ਜਾਵੇਗਾ। ਇਸ ਸਬੰਧੀ ਰਾਜ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਹੁਕਮਾਂ ਤਹਿਤ ਮਿਤੀ 14 ਦਸੰਬਰ 2025 ਨੂੰ 00:00 ਵਜੇ ਤੋਂ ਮਿਤੀ 15 ਦਸੰਬਰ 2025 ਨੂੰ ਸਵੇਰੇ 10:00 ਵਜੇ ਤੱਕ ਰਾਜ ਦੇ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।

ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਰਾਹੁਲਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 14 ਦਸੰਬਰ 2025 ਨੂੰ 00:00 ਵਜੇ ਤੋਂ ਮਿਤੀ 15 ਦਸੰਬਰ 2025 ਨੂੰ ਸਵੇਰੇ 10:00 ਵਜੇ ਤੱਕ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਡਰਾਈ ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਖੋਲ੍ਹਣ, ਸ਼ਰਾਬ ਵੇਚਣ ਅਤੇ ਸ਼ਰਾਬ ਨੂੰ ਸਟੋਰ ਕਰਨ `ਤੇ ਪੂਰਨ ਤੌਰ `ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਇਜਾਜ਼ਤ ਹੈ, ਉਹਨਾਂ ਉੱਪਰ ਵੀ ਲਾਗੂ ਹੋਣਗੇ।

ਸੀਨੀਅਰ ਪੁਲਿਸ ਕਪਤਾਨ, ਤਰਨ ਤਾਰਨ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਤਰਨ ਤਾਰਨ, ਆਬਕਾਰੀ ਅਫ਼ਸਰ ਤਰਨ ਤਾਰਨ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਚੋਣਾਂ ਦੀ ਗਿਣਤੀ ਵਾਲੇ ਸਥਾਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਵਿਅਕਤੀ ਸਿਵਾਏ ਰਾਜ ਚੋਣ ਕਮਿਸ਼ਨ, ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਅਤੇ ਸਬੰਧਿਤ ਰਿਟਰਨਿੰਗ ਅਫ਼ਸਰ ਵੱਲੋਂ ਅਧਿਕਾਰਤ ਵਿਅਕਤੀ ਤੋਂ ਬਿਨ੍ਹਾਂ ਆਪਣਾ ਪ੍ਰਾਈਵੇਟ ਵਾਹਨ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਚੋਣਾਂ ਦੀ ਗਿਣਤੀ ਵਾਲੇ ਸਥਾਨਾਂ ਦੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਜੋ ਚੋਣ ਪ੍ਰੀਕ੍ਰਿਆ ਨੂੰ ਪ੍ਰਭਾਵਿਤ ਕਰਦੀ ਹੋਵੇ ‘ਤੇ ਮੁਕੰਮਲ ਪਾਬੰਦੀ ਹੋਵੇਗੀ।