ਡੇਰਾ ਬਾਬਾ ਨਾਨਕ/ਗੁਰਦਾਸਪੁਰ : ਕਰੀਬ ਤਿੰਨ ਦਿਨ ਪਹਿਲਾਂ ਕਸਬਾ ਕਲਾਨੌਰ ਪੁਲੀਸ ਥਾਣੇ ਅਧੀਨ ਆਉਂਦੀ ਪੁਲੀਸ ਚੌਕੀ ਬਖਸ਼ੀਵਾਲ ਦੇ ਬਾਹਰਵਾਰ ਬੰਬ ਧਮਾਕਾ ਕਰਨ ਨਾਲ ਸਬੰਧਤ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੇ ਤਿੰਨ ਕਥਿਤ ਮੁਲਜ਼ਮਾਂ ਦੇ ਸੋਮਵਾਰ ਤੜਕੇ ਪੰਜਾਬ ਪੁਲੀਸ ਅਤੇ ਉਤਰ ਪ੍ਰਦੇਸ਼ ਪੁਲੀਸ ਦੀ ਟੀਮ ਨਾਲ ਯੂਪੀ ਦੇ ਪੀਲੀਭੀਤ ਵਿਚ ਹੋਏ ਪੁਲੀਸ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਹੈ।
ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਹੀਮਾਬਾਦ, ਹਾਲ ਆਬਾਦ ਕਲਾਨੌਰ, ਵਰਿੰਦਰ ਸਿੰਘ ਉਰਫ ਰਵੀ (23) ਪੁੱਤਰ ਰਣਜੀਤ ਸਿੰਘ ਪਿੰਡ ਅਗਵਾਨ ਅਤੇ ਜਸ਼ਨਪ੍ਰੀਤ ਸਿੰਘ (18) ਪਿੰਡ ਨਿਕਾ ਸ਼ਹੂਰ (ਕਲਾਨੌਰ) ਵੱਜੋਂ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਤਿੰਨੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਸਬੰਧਤ ਸਨ।
ਇਹ ਤਿੰਨੋਂ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ ਤੋਂ ਹਨ। ਬਟਾਲਾ ਅਤੇ ਗੁਰਦਾਸਪੁਰ ਪੁਲੀਸ ਲੰਘੇ ਕਰੀਬ ਪੰਦਰਾਂ ਦਿਨਾਂ ਤੋਂ ਸਰਹੱਦੀ ਖੇਤਰ ਦੇ ਪੁਲੀਸ ਥਾਣਿਆਂ/ਚੌਕੀਆਂ ਉਤੇ ਬੰਬਨੁਮਾ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਮੁਲਜ਼ਮਾਂ ਤੱਕ ਪਹੁੰਚਣ ਲਈ ਸਰਗਰਮੀ ਨਾਲ ਭਾਲ ਵਿਚ ਜੁਟੀ ਹੋਈ ਸੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਬਾਹਰ ਧਮਾਕਾ ਕਰਨ ਦੀ ਜ਼ਿੰਮੇਵਾਰੀ ਵੀ ਡੇਰਾ ਬਾਬਾ ਨਾਨਕ ਖੇਤਰ ਦੇ ਇੱਕ ਪਿੰਡ ਦੇ ਨੌਜਵਾਨ ਜੀਵਨ ਫ਼ੌਜੀ ਨੇ ਲਈ ਸੀ।

ਤਿੰਨੇ ਮੁਲਜ਼ਮ 18 ਤੋਂ 25 ਸਾਲ ਦੀ ਉਮਰ ਵਿਚਾਲੇ ਸਨ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਇਲਾਕੇ ਦੇ ਵਸਨੀਕ ਸਨ। ਇਨ੍ਹਾਂ ਵਿੱਚੋਂ ਗੁਰਵਿੰਦਰ ਸਿੰਘ ਕਲਾਨੌਰ ਦੇ ਪਿੰਡ ਰਹੀਮਾਬਾਦ ਦਾ ਰਹਿਣ ਵਾਲਾ ਸੀ, ਜੋ ਪਿਛਲੇ ਕੁਝ ਸਾਲਾਂ ਤੋਂ ਕਲਾਨੌਰ ਵਿੱਚ ਰਹਿ ਰਿਹਾ ਸੀ। ਗੋਦ ਲਿਆ ਗਿਆ ਗੁਰਵਿੰਦਰ ਸਿੰਘ ਲੁੱਟ-ਖੋਹ ਦੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਸੀ, ਜਿਸ ਦੇ ਕੇਸ ਵੀ ਦਰਜ ਹਨ। ਕੁਝ ਸਾਲ ਪਹਿਲਾਂ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋਣ ਮਗਰੋਂ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ‘ਤੇ ਰਿਹਾਅ ਹੋ ਕੇ ਆਇਆ ਸੀ। ਇਸ ਤੋਂ ਬਾਅਦ ਉਹ ਕਲਾਨੌਰ ‘ਚ ਇਕੱਲਾ ਰਹਿਣ ਲੱਗਾ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਪੀਲੀਭੀਤ ‘ਚ ਰਹਿੰਦਾ ਹੈ।
ਦੂਸਰਾ ਮੁਲਜ਼ਮ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਅਗਵਾਨ ਦਾ ਰਹਿਣ ਵਾਲਾ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਡਾਕਟਰ ਰਣਜੀਤ ਸਿੰਘ ਸੀ। ਉਸ ਦਾ ਇੱਕ ਭਰਾ ਤੇ ਦੋ ਭੈਣਾਂ ਹਨ। ਤੀਸਰਾ ਮੁਲਜ਼ਮ ਥਾਣਾ ਕਲਾਨੌਰ ਦੇ ਸਰਹੱਦੀ ਪਿੰਡ ਨਿੱਕਾ ਸ਼ਹੂਰ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਹੈ।

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਜਸ਼ਨਪ੍ਰੀਤ ਦਾ ਵਿਆਹ
ਜਸ਼ਨਪ੍ਰੀਤ ਮਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਇੱਕ ਹਫ਼ਤਾ ਪਹਿਲਾਂ ਟਰੱਕ ’ਤੇ ਡਰਾਈਵਰੀ ਕਰਨ ਲਈ ਗਿਆ ਸੀ ਜਦਕਿ ਇਸ ਦੌਰਾਨ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿੱਚ ਧਮਾਕੇ ਹੋਣ ਤੋਂ ਬਾਅਦ ਕੋਈ ਪੁਲਿਸ ਕਰਮਚਾਰੀ ਉਨ੍ਹਾਂ ਦੇ ਘਰ ਨਹੀਂ ਪੁੱਜਾ ਪਰ ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਜਸ਼ਨਪ੍ਰੀਤ ਨੂੰ ਪੁਲੀਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਉਨ੍ਹਾਂ ਰੋਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ‘ਝੂਠੇ ਪੁਲੀਸ ਮੁਕਾਬਲੇ’ ਵਿਚ ਮਾਰਿਆ ਗਿਆ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇੱਥੇ ਦੱਸਣਯੋਗ ਹੈ ਕਿ ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਵਾਸੀ ਅਗਵਾਨ ਨਾਲ ਵਿਆਹ ਹੋਇਆ ਸੀ।