ਨਵੀਂ ਦਿੱਲੀ, 14 ਜੁਲਾਈ
ਭਾਰਤੀ ਕ੍ਰਿਕਟ ਟੀਮ ਦੇ ਨਵਨਿਯੁਕਤ ਕੋਚ ਰਵੀ ਸ਼ਾਸਤਰੀ ਆਪਣੇ ਸਹਿਯੋਗੀ ਸਟਾਫ਼ ਵਿੱਚ ਜ਼ਹੀਰ ਖਾਨ ਦੇ ਹੁੰਦਿਆਂ ਭਰਤ ਅਰੂਣ ਦੀ ਗੇਂਦਬਾਜ਼ੀ ਕੋਚ ਵਜੋਂ ਵਾਪਸੀ ਲਈ ਵੀ ਕਹਿ ਸਕਦੇ ਹਨ। ਗੇਂਦਬਾਜ਼ੀ ਕੋਚ ਲਈ ਰਵੀ ਸ਼ਾਸਤਰੀ ਦੀ ਪਹਿਲੀ ਪਸੰਦ ਭਰਤ ਅਰੁਣ ਸੀ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਗੇਂਦਬਾਜ਼ੀ ਕੋਚ ਦੀ ਚੋਣ ਕਰਦਿਆਂ ਕਿ੍ਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਗੇਂਦਬਾਜ਼ੀ ਕੋਚ ਲਈ ਜ਼ਹੀਰ ਦੇ ਨਾਂ ਦੀ ਸਿਫਾਰਸ਼ ਕਰਨ ਸਮੇਂ ਸ਼ਾਸਤਰੀ ਨੂੰ ਭਰੋਸੇ ਵਿੱਚ ਨਹੀਂ ਲਿਆ। ਹਾਲਾਂ ਕਿ ਜ਼ਹੀਰ ਦੀ ਭੂਮਿਕਾ ਵੀ ਦਰਾਵਿੜ ਦੀ ਤਰ੍ਹਾਂ ਸਲਾਹਕਾਰ ਵਰਗੀ ਹੀ ਹੋਵੇਗੀ। ਇਹ ਵੀ ਪਤਾ ਲੱਗਿਆ ਹੈ ਕਿ ਜ਼ਹੀਰ ਪੂਰੇ 250 ਦਿਨ ਟੀਮ ਲਈ ਨਹੀਂ ਕੱਢ ਸਕੇਗਾ। ਜ਼ਹੀਰ ਦਾ ਪੈੇਕੇਜ ਅਜੇ ਤੈਅ ਨਹੀਂ ਹੋਇਆ। ਇਸ ਸਬੰਧੀ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਸ਼ਾਸਤਰੀ ਨੂੰ ਕਿ੍ਕਟ ਕੋਚ ਵਜੋਂ ਪਸੰਦ ਪੁੱਛੀ ਗਈ ਤਾਂ ਉਸ ਨੇ ਅਰੁਣ ਦਾ ਨਾਂ ਲਿਆ ਪਰ ਸਲਾਹਕਾਰ ਕਮੇਟੀ ਦਾ ਇੱਕ ਖਾਸ ਮੈਂਬਰ ਇਸਦੇ ਖਿਲਾਫ਼ ਸੀ। ਆਪਣੀ ਮੰਗ ਪੂਰੀ ਨਾ ਹੁੰਦੀ ਦੇਖ ਕੇ ਸ਼ਾਸਤਰੀ ਨੇ ਕੋਚ ਵਜੋਂ ਫਿਰ ਜੈਸਨ ਗਲੈਸਪੀ ਦੀ ਮੰਗ ਕੀਤੀ। ਗਲੈਸਪੀ ਨੂੰ ਸਰਵੋਤਮ ਗੇਂਦਬਾਜ਼ੀ ਕੋਚ ਮੰਨਿਆ ਜਾਂਦਾ ਹੈ। ਸ਼ਾਸਤਰੀ ਨੂੰ ਪਤਾ ਸੀ ਕਿ ਇਹ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ। ਪਤਾ ਲੱਗਾ ਹੈ ਕਿ ਭਾਰਤੀ ਕਿ੍ਰਕਟ ਬੋਰਡ ਨੇ ਵੈਂਕਟੇਸ਼ ਪ੍ਰਸਾਦ ਦਾ ਨਾਂ ਵੀ ਸੂਚੀ ਵਿੱਚ ਰੱਖਿਆ ਹੈ। ਜਾਣਕਾਰਾਂ ਅਨੁਸਾਰ ਸ਼ਾਸਤਰੀ ਅਰੁਣ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਉੱਤੇ ਸਹਿਮਤ ਨਹੀਂ ਹੋਣਗੇ। ਵੈਂਕਟੇਸ਼ ਪ੍ਰਸਾਦ ਬਾਰੇ ਸ਼ਾਇਦ ਗੱਲ ਨਾ ਬਣੇ ਕਿਉਂਕਿ ਗੇਂਦਬਾਜ਼ੀ ਕੋਚ ਵਜੋਂ ਉਨ੍ਹਾਂ ਦਾ ਪਹਿਲਾ ਤਜ਼ਰਬਾ ਕੋਈ ਬਹੁਤਾ ਚੰਗਾ ਨਹੀ ਰਿਹਾ ਉਨ੍ਹਾਂ ਦੀ ਤਕਨੀਕ ਉੱਤੇ ਸਵਾਲ ਉੱਠਦੇ ਹਨ।