ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣਨ ਵਾਲੀ ਫ਼ਿਲਮ ਦਾ ਨਾਮ ਹੁਣ ‘ਪੰਜਾਬ 95’ ਹੋਵੇਗਾ। ਪਹਿਲਾਂ ਇਸ ਫ਼ਿਲਮ ਦਾ ਨਾਮ ‘ਘੱਲੂਘਾਰਾ’ ਰੱਖਿਆ ਗਿਆ ਸੀ। ਇਸ ਫ਼ਿਲਮ ਦਾ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਟੀਆਈਐੱਫਐੱਫ) ਵਿਚ ਪ੍ਰੀਮੀਅਰ ਹੋਵੇਗਾ। ਇਸ ਫ਼ਿਲਮ ਨੂੰ ਹਨੀ ਤ੍ਰੇਹਨ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਰਜੁਨ ਰਾਮਪਾਲ ਤੇ ਸੁਵਿੰਦਰ ਪਾਲ ਵਿੱਕੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਨਿਰਮਾਤਾਵਾਂ ਨੇ ਅੱਜ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਸਾਂਝਾ ਕਰਦਿਆਂ ਦਿਲਜੀਤ ਨੇ ਆਖਿਆ,‘‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! ਫ਼ਿਲਮ ‘ਪੰਜਾਬ 95’ ਦਾ ਵਰਲਡ ਪ੍ਰੀਮੀਅਰ ਟੋਰਾਂਟੋ ਫ਼ਿਲਮ ਮੇਲੇ ਵਿੱਚ ਹੋਵੇਗਾ। ਫਿਲਮ ਦੀ ਕਹਾਣੀ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ।’’ ਅਰਜੁਨ ਰਾਮਪਾਲ ਨੇ ਵਰਡਲ ਪ੍ਰੀਮੀਅਰ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ,‘‘ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਪਲ ਸਾਰਿਆਂ ਲਈ ਬਹੁਤ ਅਹਿਮ ਹਨ। ਟੋਰਾਂਟੋ ਫ਼ਿਲਮ ਮੇਲੇ ਵਿੱਚ ਵਰਲਡ ਪ੍ਰੀਮੀਅਰ।’’