ਚੰਡੀਗੜ੍ਹ, 27 ਅਗਸਤ: ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਅੰਤਿਮ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ ਦਲੀਲ ਇਹ ਦਿੱਤੀ ਗਈ ਹੈ ਕਿ ਉਨ੍ਹਾਂ ਕੋਟਕਪੂਰਾ `ਚ ਸਿੱਖ ਮੁਜ਼ਾਹਰਾਕਾਰੀਆਂ ਖਿ਼ਲਾਫ਼ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਸੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ `ਚ ਵਾਪਰੀਆਂ ਬੇਅਦਬੀ ਦੀਆਂ ਕਈ ਘਟਨਾਵਾਂ ਤੇ ਉਸ ਤੋਂ ਬਾਅਦ ਬਹਿਬਲ ਕਲਾਂ `ਚ ਸਿੱਖ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਕਰਨ ਦੇ ਮਾਮਲਿਆਂ ਦੀ ਜਾਂਚ ਲਈ ਕਾਇਮ ਕੀਤਾ ਸੀ।
ਪੰਜਾਬ ਵਿਧਾਨ ਸਭਾ `ਚ ਪੇਸ਼ ਕੀਤੀ ਗਈ ਪੰਜ ਪੰਨਿਆਂ ਦੀ ਪੂਰਕ ਰਿਪੋਰਟ ਵਿੱਚ ਜਸਟਿਸ ਰਣਜੀਤ ਸਿੰਘ ਨੇ ਆਪਣੀ ਸਾਰੀ ਜਾਂਚ-ਰਿਪੋਰਟ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਬੇਅਦਬੀ ਖਿ਼ਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਿੱਖਾਂ ਨੂੰ ਹਟਾਉਣ ਲਈ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਸੀ, ਉਹ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਧਿਆਨ ਗੋਚਰੇ ਸੀ। ਪਰ ਇਸ ਦਲੀਲ ਨੂੰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਮੁੱਢੋਂ ਰੱਦ ਕਰ ਚੁੱਕਾ ਹੈ ਪਰ ਫਿਰ ਵੀ ਇਸ ਰਿਪੋਰਟ ਤੋਂ ਕਾਂਗਰਸ ਨੂੰ ਅਕਾਲੀ ਦਲ ਤੇ ਖ਼ਾਸ ਕਰਕੇ ਬਾਦਲ ਪਰਿਵਾਰ `ਤੇ ਹਮਲਾ ਕਰਨ ਦਾ ਚੋਖਾ ਮਸਾਲਾ ਮਿਲ ਗਿਆ ਹੈ।
ਰਿਪੋਰਟ ਦੀ ਸ਼ਬਦਾਵਲੀ ਕੁਝ ਇਸ ਪ੍ਰਕਾਰ ਹੈ — ‘ਰਿਪੋਰਟ ਦੇ ਪਹਿਲੇ ਭਾਗ ਦੇ ਪੰੱਨਾ 50 ਤੋਂ 52 ਤੱਕ ਨੂੰ ਕੁਝ ਸਪੱਸ਼ਟ ਕਰਨ ਦੀ ਜ਼ਰੂਰਤ ਹੈ… ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤਦ ਜਿ਼ਲ੍ਹਾ ਪ੍ਰਸ਼ਾਸਨ ਤੇ ਡੀਜੀਪੀ ਦੇ ਲਗਾਤਾਰ ਸੰਪਰਕ ਵਿੱ਼ਚ ਸਨ ਤੇ ਇੰਝ ਨਹੀਂ ਆਖਿਆ ਜਾ ਸਕਦਾ ਕਿ ਕੋਟਕਪੂਰਾ ਚ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਸੀ, ਉਸ ਬਾਰੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਸੀ।`
ਰਿਪੋਰਟ ਵਿੱਚ ਅੱਗੇ ਲਿਖਿਆ ਹੈ — ‘ਪਹਿਲਾਂ ਤੱਥ ਮੁੱਖ ਮੰਤਰੀ ਦਫ਼ਤਰ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਸਨ ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੁੱਖ ਮੰਤਰੀ ਦਫ਼ਤਰ ਨੂੰ ਕੋਟਕਪੂਰਾ ਦੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ।`
ਕਮਿਸ਼ਨ ਨੇ ਸ੍ਰੀ ਬਾਦਲ ਨੂੰ ਇਸ ਲਈ ਦੋਸ਼ੀ ਮੰਨਿਆ ਹੈ ਕਿਉਂਕਿ ਜਦੋਂ ਉਦੋਂ ਦੇ ਡੀਜੀਪੀ ਸੁਮੇਧ ਸਿੰਘ ਸੈਨੀ ਨੂੰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਡੀਜੀਪੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ, ਤਦ ਖ਼ੁਦ ਸ੍ਰੀ ਸੈਨੀ ਨੇ ਲਿਖਤੀ ਰੂਪ ਵਿੱਚ ਇਹੋ ਦੱਸਿਆ ਸੀ ਕਿ ਉਨ੍ਹਾਂ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਵੱਡੇ ਬਾਦਲ ਨੂੰ ਬਾਕਾਇਦਾ ਸੂਚਿਤ ਕੀਤਾ ਸੀ।
ਸ੍ਰੀ ਸੈਨੀ ਦੇ ਲਿਖਤੀ ਬਿਆਨ ਦੇ ਆਧਾਰ `ਤੇ ਰਿਪੋਰਟ ਦੇ ਦੂਜੇ ਹਿੱਸੇ ਵਿੱਚ ਲਿਖਿਆ ਹੈ,‘ਕਮਿਸ਼ਨ ਸਾਹਵੇਂ ਗਵਾਹਾਂ ਨੇ ਦੱਸਿਆ ਕਿ ਪੁਲਿਸ ਨੇ ਡੀਜੀਪੀ ਦੀਆਂ ਹਦਾਇਤਾਂ ਦੇ ਆਧਾਰ `ਤੇ ਰੋਸ ਮੁਜ਼ਾਹਰਾਕਾਰੀਆਂ ਦਾ ਧਰਨਾ ਚੁਕਵਾਉਣ ਲਈ ਤਾਕਤ ਦੀ ਵਰਤੋਂ ਕੀਤੀ ਸੀ… ਇਸ ਲਈ ਡਿਪਟੀ ਕਮਿਸ਼ਨਰ ਤੇ ਵਿਧਾਇਕ ਮਨਤਾਰ ਸਿੰਘ ਬਰਾੜ ਦੀਆਂ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਨਾਲ ਹੋਈ ਫ਼ੋਨ ਕਾਲਾਂ ਦੇ ਪੂਰੇ ਰਿਕਾਰਡ ਦਰਜ ਹਨ। ਇਹ ਰਿਕਾਰਡ `ਤੇ ਹੈ ਕਿ ਗਗਨਦੀਪ ਬਰਾੜ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਮਨਤਾਰ ਬਰਾੜ ਦੀ ਗੱਲ ਮੁੱਖ ਮੰਤਰੀ ਨਾਲ ਕਰਵਾਈ ਸੀ। ਫਿਰ ਛੇਤੀ ਹੀ ਮਨਤਾਰ ਬਰਾੜ ਨੇ ਡੀਜੀਪੀ ਸੁਮੇਧ ਸੈਨੀ ਨਾਲ ਗੱਲ ਕੀਤੀ। ਇੰਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਸਿਰਫ਼ ਜਿ਼ਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਸਨ, ਸਗੋਂ ਡੀਜੀਪੀ ਨਾਲ ਵੀ ਉਨ੍ਹਾਂ ਦਾ ਪੂਰਾ ਰਾਬਤਾ ਸੀ। ਉਨ੍ਹਾਂ ਨੂੰ ਇਸ ਗੱਲ ਦੀ ਸਾਰੀ ਜਾਣਕਾਰੀ ਸੀ ਕਿ ਕੋਟਕਪੂਰਾ `ਚ ਕੀ ਕੁਝ ਵਾਪਰ ਰਿਹਾ ਹੈ ਤੇ ਪੁਲਿਸ ਕੀ ਕਾਰਵਾਹੀ ਕਰਨ ਜਾ ਰਹੀ ਹੈ।`
ਰਿਪੋਰਟ `ਚ ਅੱਗੇ ਲਿਖਿਆ ਹੈ – ‘ਕਮਿਸ਼ਨ ਕੋਲ ਅਜਿਹੀ ਬਹੁਤ ਸਾਰੀ ਮੌਜੂਦ ਉਪਲਬਧ ਹੈ ਕਿ ਜਿ਼ਲ੍ਹਾ ਪ੍ਰਸ਼ਾਸਨ ਨੇ ਉਦੋਂ ਦੇ ਡੀਜੀਪੀ ਨਾਲ ਕਦੋਂ ਗੱਲ ਕੀਤੀ ਸੀ। ਡੀਜੀਪੀ ਨੇ ਜਿ਼ਲ੍ਹਾ ਪ੍ਰਸ਼ਾਸਨ ਤੇ ਵਿਧਾਇਕ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਹ ਕੋਈ ਬਹੁਤੀ ਫਿ਼ਕਰ ਨਾ ਕਰਨ ਕਿਉਂਕਿ ਉਹ ਧਰਨਾ ਤਾਂ 10 ਮਿੰਟਾਂ `ਚ ਚੁਕਵਾ ਦੇਣਗੇ।`
ਕਮਿਸ਼ਨ ਨੇ ਕਿਹਾ ਕਿ ਉਸ ਨੇ ਸਾਬਕਾ ਮੁੱਖ ਮੰਤਰੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤਾ ਸੀ ਪਰ ਉਹ ਕਮਿਸ਼ਨ ਸਾਹਵੇਂ ਪੇਸ਼ ਨਹੀਂ ਹੋਏ ਤੇ ਕੋਈ ਸਹਿਯੋਗ ਨਹੀਂ ਦਿੱਤਾ।
ਇਸ ਦੌਰਾਨ ਬਾਦਲ ਨੇ ਸਪੀਕਰ ਨੂੰ ਭੇਜੀ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਹ ਸੈਸ਼ਨ `ਚ ਹਾਜ਼ਰ ਨਹੀਂ ਹੋ ਸਕਦੇ।
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਐਲਾਨ ਕਰ ਚੁੱਕੇ ਹਨ। ਬਹਿਬਲ ਕਲਾਂ ਗੋਲੀਬਾਰੀ `ਚ ਦੋ ਵਿਅਕਤੀ ਮਾਰੇ ਗਏ ਸਨ। ਇੱਕ ਗੰਭੀਰ ਜ਼ਖ਼ਮੀ ਹੋਇਆ ਸੀ। ਕਈ ਹੋਰ 14 ਅਕਤੂਬਰ, 2015 ਦੀ ਸਵੇਰ ਨੂੰ ਕੋਟਕਪੂਰਾ `ਚ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਫੱਟੜ ਹੋਏ ਸਨ।