ਹੁਸਿ਼ਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ `ਤੇ ਪੇਸ਼ ਕੀਤੇ ਜਾ ਰਹੇ ਤੱਥਾਂ ਨੂੰ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਬਰਗਾੜੀ `ਚ ਹੋਏ ਬੇਅਦਬੀ ਕਾਂਡ ਤੇ ਬਾਅਦ `ਚ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਹੋਈ ਪੁਲਿਸ ਦੀ ਗੋਲੀਬਾਰੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਸ ਗੋਲੀਬਾਰੀ ਦੌਰਾਨ ਦੋ ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਹਾਲੇ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਜਾਂਚ-ਰਿਪੋਰਟ ਵਿਧਾਨ ਸਭਾ `ਚ ਪੇਸ਼ ਵੀ ਨਹੀਂ ਕੀਤੀ ਗਈ ਪਰ ਉਸ `ਤੇ ਬਹਿਸ ਪਹਿਲਾਂ ਹੀ ਸ਼ੁਰੂ ਹੋ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ,‘‘ਰਣਜੀਤ ਸਿੰਘ ਪੈਨਲ ਇੱਕ ਫ਼ਰਾਡ ਕਮਿਸ਼ਨ ਹੈ। ਜੇ ਕਾਂਗਰਸ ਸੱਚਮੁਚ ਕੋਈ ਨਿਆਂਪੂਰਨ ਗੱਲ ਕਰਨੀ ਚਾਹੁੰਦੀ ਹੈ, ਤਾਂ ਉਸ ਨੁੰ ਇਸ ਸਾਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਉਣੀ ਚਾਹੀਦੀ ਹੈ।“
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਾਇਮ ਕੀਤੇ ਗਏ ਸਾਰੇ ਤਿੰਨ ਕਮਿਸ਼ਨ – ਜਸਟਿਸ (ਸੇਵਾ-ਮੁਕਤ) ਨਾਰੰਗ ਕਮਿਸ਼ਨ (ਰੇਤੇ ਦੀ ਮਾਈਨਿੰਗ ਦੀ ਨੀਲਾਮੀ ਦੀ ਜਾਂਚ ਲਈ), ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ (ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਹਕੂਮਤ ਦੌਰਾਨ ਕਾਂਗਰਸੀਆਂ ਖਿ਼ਲਾਫ਼ ਦਰਜ ਹੋਏ ਕਥਿਤ ਝੂਠੇ ਪੁਲਿਸ ਕੇਸਾਂ ਦੀ ਜਾਂਚ ਲਈ) ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ‘ਦੋਸਤਾਨਾ` ਕਮਿਸ਼ਨ ਸਨ। ‘‘ਇਨ੍ਹਾਂ ਦੀਆਂ ਰਿਪੋਰਟਾਂ ਕਾਂਗਰਸ ਭਵਨ `ਚ ਬੈਠ ਕੇ ਤਿਆਰ ਕੀਤੀਆਂ ਗਈਆਂ ਹਨ ਤੇ ਜਿੱਥੇ ਬਹੁਤ ਕੁਝ ਹੋ ਸਕਦਾ ਸੀ। ਅਜਿਹੇ ਹਾਲਾਤ `ਚ ਅਜਿਹੀਆਂ ਜਾਂਚਾਂ ਤੋਂ ਇਨਸਾਫ਼ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।“
ਚੇਤੇ ਰਹੇ ਕਿ ਬੁੱਧਵਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ-ਰਿਪੋਰਟ ਦੇ ਹਵਾਲੇ ਨਾਲ ਅਜਿਹੀ ਖ਼ਬਰ ਆਈ ਸੀ ਕਿ ਪੁਲਿਸ ਨੇ ਤਾਂ ਬਰਗਾੜੀ ਬੇਅਦਬੀ ਕਾਂਡ ਨੂੰ ਤੁਰੰਤ ਹੱਲ ਕਰ ਲਿਆ ਸੀ ਤੇ ਜਦੋਂ ਮੁਲਜ਼ਮਾਂ ਭਾਵ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਗ੍ਰਿਫ਼ਤਾਰੀ ਹੋਣ ਲੱਗੀ ਸੀ, ਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਣ ਦਿੱਤੀ ਸੀ ਕਿਉਂਕਿ ਤਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਅਗਲੀਆਂ ਵਿਧਾਨ ਸਭਾ ਚੋਣਾਂ `ਚ ਆਪਣੀ ਹਮਾਇਤ ਅਕਾਲੀ-ਭਾਜਪਾ ਨੂੰ ਦੇਣ ਦਾ ਐਲਾਨ ਕਰ ਦਿੱਤਾ ਸੀ।
ਅਜਿਹੀਆਂ ਖ਼ਬਰਾਂ ਦਾ ਜਿ਼ਕਰ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੋਵੇ, ਉਹ ਉਸ ਨੂੰ ਉਸ ਦਾ ਕੰਮ ਕਰਨ ਤੋਂ ਕਿਵੇਂ ਵਰਜ ਸਕਦੀ ਹੈ। ਉਨ੍ਹਾਂ ਕਿਹਾ ਕਿ ‘‘ਅਕਾਲੀ-ਭਾਜਪਾ ਸਰਕਾਰ ਨੇ ਬਰਗਾੜੀ ਕਾਂਡ ਦੇ ਸਾਰੇ ਮਾਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਸੀ ਤੇ ਸਾਡੀ ਪਾਰਟੀ ਅੱਗੇ ਵੀ ਅਜਿਹੀ ਹਰੇਕ ਜਾਂਚ ਨਾਲ ਖੜ੍ਹਦੀ ਰਹੇਗੀ।“
ਬਿਕਰਮ ਸਿੰਘ ਮਜੀਠੀਆ ਤੋਂ ਸੁਆਲ ਪੁੱਛਿਆ ਗਿਆ ਕਿ ਕੀ ਉਹ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮਿਲੇ ਸਨ, ਤਾਂ ਉਨ੍ਹਾਂ ਕਿਹਾ ਕਿ ਉਹ ਰੋਜ਼ ਬਹੁਤ ਸਾਰੇ ਲੋਕਾਂ ਨੁੰ ਮਿਲਦੇ ਹਨ। ‘ਮੈਨੂੰ ਦੁੱਖ ਹੈ ਕਿ ਖਹਿਰਾ ਨੂੰ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਪਰ ਨਾਲ ਹੀ ਹਰਪਾਲ ਸਿੰਘ ਚੀਮਾ ਨੂੰ ਅੱਗੇ ਲਿਆਉਣ ਦੀ ਖ਼ੁਸ਼ੀ ਵੀ ਹੈ।`
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹੇ ਦੋਸ਼ਾਂ ਵਿੱਚ ਕੋਈ ਦਮ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਆਮ ਆਦਮੀ ਪਾਰਟੀ ਵਿੱਚ ਕੋਈ ਫੁੱਟ ਪਾਉਣ ਦਾ ਜਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੂੰ ਬਰਬਾਦ ਕਰਨ ਲਈ ਕਿਸੇ ਬਾਹਰਲੇ ਦੀ ਕੀ ਲੋੜ ਹੈ। ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਕਥਿਤ ਅਸਹਿਮਤੀ `ਤੇ ਟਿੱਪਣੀ ਕਰਦਿਆਂ ਮਜੀਠੀਆ ਹੁਰਾਂ ਕਿਹਾ,‘‘ਜਲਦੀ ਪਟਾਕਾ ਪੈ ਜਾਣੈ।“
ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਜਿ਼ਲ੍ਹਾ ਨਿਗਰਾਨ ਵਜੋਂ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ਨਾਲ ਇੱਕ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਆਉਂਦੀਆਂ ਪੰਚਾਇਤ ਚੋਣਾਂ ਲਈ ਪੂਰੀ ਇੱਕਜੁਟਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ।